ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਪਰੈਲ
ਡਾਕਟਰਾਂ ਤੇ ਹੋਰ ਕਰੋਨਾ ਯੋਧਿਆਂ ਨੂੰ ਸ਼ਰਧਾਂਜਲੀ ਦੇਣ ਲਈ ਦਿੱਲੀ ਵਿਧਾਨ ਸਭਾ ਦੇ ਅਹਾਤੇ ਵਿੱਚ ਇਕ ਯਾਦਗਾਰ ਦਾ ਨਕਸ਼ਾ ਤਿਆਰ ਹੈ, ਜਿਸ ਦਾ ਆਕਾਰ 8 ਫੁੱਟ ਲੰਬਾ ਅਤੇ 6 ਫੁੱਟ ਉੱਚਾ ਹੋਵੇਗਾ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਧਾਤ ਨਾਲ ਬਣੀ ਯਾਦਗਾਰ ਨੂੰ ਸਥਾਪਿਤ ਕਰਨ ਦਾ ਕੰਮ ਛੇਤੀ ਸ਼ੁਰੂ ਹੋਣ ਦੀ ਉਮੀਦ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਯਾਦਗਾਰ ਦਾ ਨਕਸ਼ਾ ਤਿਆਰ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਯੋਧਿਆਂ ਨੂੰ ਯਾਦਗਾਰ ਦੇ ਅਗਲੇ ਪਾਸੇ ਰਾਹਤ ਪ੍ਰਤੀਕ ਰੂਪ ਵਿੱਚ ਦਰਸਾਇਆ ਜਾਵੇਗਾ। ਜਾਣਕਾਰੀ ਮੁਤਾਬਿਕ ਕਲਾਕ੍ਰਿਤੀ ਕੇਂਦਰ ’ਚ ਇੱਕ ਡਾਕਟਰ ਨੂੰ ਦਰਸਾਇਆ ਜਾਵੇਗਾ, ਜਿਸ ਦੇ ਇਕ ਪਾਸੇ ਨਰਸ (ਹੈਲਥਕੇਅਰ ਵਰਕਰ), ਸੈਨੀਟੇਸ਼ਨ ਵਰਕਰ, ਅਧਿਆਪਕ ਤੇ ਪੁਲੀਸ ਕਰਮਚਾਰੀ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਨੂੰ ਵਿਧਾਨ ਸਭਾ ਕੰਪਲੈਕਸ ਵਿੱਚ ਵਿੱਠਲਭਾਈ ਪਟੇਲ ਦੀ ਮੂਰਤੀ ਦੇ ਨੇੜੇ ਸਥਾਪਤ ਕਰਨ ਦੀ ਯੋਜਨਾ ਹੈ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਪ੍ਰਾਜੈਕਟ ਨੂੰ ਬਣਾਉਣ ਵਿੱਚ ਘੱਟੋ ਘੱਟ ਪੰਜ ਤੋਂ ਛੇ ਮਹੀਨੇ ਲੱਗਣਗੇ। ਉਨ੍ਹਾਂ ਕਿਹਾ ਕਿ ਕੋਵਿਡ ਦੀ ਤੀਜੀ ਲਹਿਰ ਕਾਰਨ ਸਮੇਂ ਦੀ ਸੀਮਾਂ ਵਧਾਈ ਗਈ ਹੈ। ਜ਼ਿਕਰਯੋਗ ਹੈ ਕਿ ਦਿੱਲੀ ਮਹਾਮਾਰੀ ਦੀਆਂ ਤਿੰਨ ਵੱਡੀਆਂ ਲਹਿਰਾਂ ਵਿੱਚੋਂ ਲੰਘ ਚੁੱਕੀ ਹੈ। ਦੂਜੀ ਪਿਛਲੇ ਸਾਲ ਅਪਰੈਲ-ਮਈ ਵਿੱਚ ਸੀ, ਜਿਸ ਨੇ ਸ਼ਹਿਰ ਵਿੱਚ ਤਬਾਹੀ ਮਚਾ ਦਿੱਤੀ ਸੀ। 2021 ਦੀ ਲਹਿਰ ਦੌਰਾਨ ਵੱਡੀ ਗਿਣਤੀ ਵਿੱਚ ਮੌਤਾਂ ਦਰਜ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਕਈ ਡਾਕਟਰ, ਨਰਸਾਂ, ਪੁਲੀਸ ਕਰਮਚਾਰੀ, ਅਧਿਆਪਕ ਤੇ ਸਫਾਈ ਕਰਮਚਾਰੀ ਸ਼ਾਮਲ ਹਨ।