ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਜੂਨ
ਦਿੱਲੀ ਦੀ ਰੋਹਿਣੀ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ, ਜਿਸ ਨੂੰ ਬੁਝਾਉਣ ਲਈ ਦਿੱਲੀ ਫਾਇਰ ਸਰਵਿਸ ਦੇ ਮੁਲਾਜ਼ਮਾਂ ਨੂੰ ਖਾਸੀ ਮੁਸ਼ੱਕਤ ਕਰਨੀ ਪਈ। ਲੌਕਡਾਊਨ ਦੌਰਾਨ ਅਦਾਲਤਾਂ ਬੰਦ ਹੋਣ ਤੇ ਮਹਾਂਮਾਰੀ ਦੀਆਂ ਸ਼ਰਤਾਂ ਕਰ ਕੇ ਅਦਾਲਤ ਕੰਪਲੈਕਸ ਖਾਲੀ ਵਰਗਾ ਸੀ, ਜਿਸ ਕਰ ਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਬੁਝਾਉਣ ਵਾਲੀਆਂ 10 ਗੱਡੀਆਂ ਮੌਕੇ ਉਪਰ ਰਵਾਨਾ ਕੀਤੀਆਂ ਗਈਆਂ ਤੇ ਇਸ ਅੱਗ ਲੱਗਣ ਦੀ ਘਟਨਾ ਬਾਰੇ ਦਿੱਲੀ ਫਾਇਰ ਸਰਵਿਸ ਨੂੰ ਸਵੇਰੇ 9.41 ਵਜੇ ਪਤਾ ਲੱਗਾ। ਤੁਰੰਤ ਦਸਤਾ ਮੌਕੇ ਉਪਰ ਪੁੱਜਾ ਤੇ ਅਦਾਲਤ ਨੰਬਰ 351 ਦੇ ਤੀਜੀ ਮੰਜ਼ਿਲ ਉਪਰ ਰਿਕਾਰਡ ਰੂਮ ਤੱਕ ਪਹੁੰਚ ਬਣਾ ਕੇ ਅੱਗ ਕਾਬੂ ਕੀਤੀ ਗਈ। ਅਦਾਲਤ ਦੇ ਕਮਰੇ ’ਚੋਂ ਨਿਕਲਦੇ ਧੂੰਏਂ ਦੇ ਗੁਬਾਰ ਕੰਪਲੈਕਸ ਦੇ ਅਸਮਾਨ ਉਪਰ ਫੈਲ ਗਏ। ਅੱਗ ਲੱਗਣ ਦਾ ਕਾਰਨ ਬਿਜਲੀ ਦੀ ਚਿੰਗਾੜੀ ਮੰਨਿਆ ਜਾ ਰਿਹਾ ਹੈ।