ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਜੁਲਾਈ
ਮੱਧ ਦਿੱਲੀ ਦੇ ਕਨਾਟ ਪਲੇਸ ਖੇਤਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਰੇਸਤਰਾਂ ਵਿੱਚ ਭਿਆਨਕ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦਿੱਲੀ ਫਾਇਰ ਸਰਵਿਸ ਦੇ ਮੁਤਾਬਕ ਸਵੇਰੇ ਕਰੀਬ 5:32 ਵਜੇ ਇੱਕ ਰੇਸਤਰਾਂ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਸੂਚਨਾ ਮਿਲਣ ’ਤੇ ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਮੌਕੇ ’ਤੇ ਪਹੁੰਚੀਆਂ। ਅਧਿਕਾਰੀ ਨੇ ਕਿਹਾ ਕਿ ਅੱਗ ਅਲਕਾ ਹੋਟਲ ਦੇ ਸਾਹਮਣੇ ਆਊਟਰ ਸਰਕਲ ਕਨਾਟ ਪਲੇਸ ਵਿੱਚ ਸਥਿਤ ਕੈਫੇ ਹਾਈ 5 ਨਾਮਕ ਰੈਸਤਰਾਂ ਵਿੱਚ ਲੱਗੀ। ਉਨ੍ਹਾਂ ਦੱਸਿਆ ਕਿ ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ਰੇਸਤਰਾਂ ਚਲਾਇਆ ਜਾ ਰਿਹਾ ਸੀ। ਫਾਇਰ ਬ੍ਰਿਗੇਡ ਦੀ ਮਦਦ ਲਈ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ। ਜਦੋਂ ਫਾਇਰ ਫਾਈਟਰ ਅੱਗ ਬੁਝਾ ਰਹੇ ਸਨ ਤਾਂ ਘਟਨਾ ਵਾਲੀ ਥਾਂ ਤੋਂ ਕੁਝ ਦੂਰੀ ’ਤੇ ਸਥਾਨਕ ਲੋਕਾਂ ਦੀ ਭੀੜ ਜਮਾਂ ਹੋ ਗਈ, ਜਿਸ ਤੋਂ ਬਾਅਦ ਸਥਾਨਕ ਪੁਲੀਸ ਨੇ ਲੋਕਾਂ ਨੂੰ ਘਟਨਾ ਵਾਲੀ ਥਾਂ ਤੋਂ ਦੂਰ ਰੱਖਣ ਲਈ ਘੇਰਾਬੰਦੀ ਕੀਤੀ। ਅਧਿਕਾਰੀ ਨੇ ਦੱਸਿਆ ਕਿ ਬਹੁਤ ਹੀ ਘੱਟ ਸਮੇਂ ’ਚ ਅੱਗ ’ਤੇ ਕਾਬੂ ਪਾ ਲਿਆ ਗਿਆ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ।
ਜ਼ਿਕਰਯੋਗ ਹੈ ਕਿ ਮੱਧ ਦਿੱਲੀ ਦੇ ਪਹਾੜਗੰਜ ਇਲਾਕੇ ਦੇ ਇੱਕ ਹੋਟਲ ਵਿੱਚ ਵੀਰਵਾਰ ਸਵੇਰੇ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਸੀ। ਦਿੱਲੀ ਫਾਇਰ ਸਰਵਿਸ ਦੇ ਅਮਲੇ ਵੱਲੋਂ ਹੋਟਲ ਵਿੱਚੋਂ 10 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਹੋਟਲ ਦੀ ਤੀਜੀ ਮੰਜ਼ਿਲ ਵਿੱਚ ਅੱਗ ਲੱਗੀ ਸੀ, ਜੋ ਛੇਤੀ ਹੀ ਹੋਟਲ ਦੇ ਹੋਰ ਹਿੱਸਿਆਂ ਵਿੱਚ ਫੈਲ ਗਈ ਸੀ।