ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਅਕਤੂਬਰ
ਦਿੱਲੀ ਦੇ ਉੱਤਰੀ ਇਲਾਕੇ ਵਿੱਚ ਸਥਿਤ ਰੋਹਿਣੀ ਦੇ ਸੈਕਟਰ-3 ਦੇ ਇੱਕ ਬੈਂਕੁਇਟ ਹਾਲ ਵਿੱਚ ਦੁਪਹਿਰ ਵੇਲੇ ਅੱਗ ਲੱਗ ਗਈ ਪਰ ਇਸ ਅੱਗ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਿਉਂ ਹੀ ਦਿੱਲੀ ਫਾਇਰ ਸਰਵਿਸ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਤੁਰੰਤ 10 ਅੱਗ ਬੁਝਾਊ ਇੰਜਣ ਰਵਾਨਾ ਕੀਤੇ ਗਏ। ਮਹਿਕਮੇ ਨੂੰ ਕਰੀਬ ਢਾਈ ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਕੱਪੜੇ ਤੇ ਪਲਾਸਟਿਕ ਦੇ ਸਾਮਾਨ ਨਾਲ ਸਜਾਏ ਹਾਲ ਵਿੱਚ ਅੱਗ ਅੰਦਰ ਤੱਕ ਜਾਣ ਕਾਰਨ ਹਾਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਦਿੱਲੀ ਫਾਇਰ ਸਰਵਿਸ ਦੇ ਮੁਖੀ ਅਤੁਲ ਗਰਗ ਨੇ ਦੱਸਿਆ ਕਿ ਅੱਗ ਉਪਰ ਕਾਬੂ ਪਾ ਲਿਆ ਗਿਆ ਤੇ ਉਸ ਨੂੰ ਠੰਢਾ ਕਰਨ ਦਾ ਕੰਮ ਜਾਰੀ ਸੀ। ਅੱਗ ਕਿਵੇਂ ਲੱਗੀ ਇਸ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।