ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਜੁਲਾਈ
ਮੱਧ ਦਿੱਲੀ ਦੇ ਪਹਾੜਗੰਜ ਇਲਾਕੇ ਵਿੱਚ ਇੱਕ ਹੋਟਲ ਨੂੰ ਅੱਗ ਲੱਗ ਗਈ, ਜਿਸ ਕਾਰਨ ਹੋਟਲ ਦਾ ਖਾਸਾ ਨੁਕਸਾਨ ਹੋ ਗਿਆ ਪਰ ਚੰਗੀ ਗੱਲ ਇਹ ਰਹੀ ਕਿ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਇਹ ਅੱਗ ਰੋਮਾ ਡੀਲਕਸ ਹੋਟਲ ਵਿੱਚ ਲੱਗੀ, ਜਿਸ ਦੀ ਸਾਰੀ ਸਜਾਵਟ ਸੜ ਕੇ ਸੁਆਹ ਹੋ ਗਈ। ਦਿੱਲੀ ਫਾਇਰ ਸਰਵਿਸ ਦੇ ਅਮਲੇ ਵੱਲੋਂ ਹੋਟਲ ਵਿੱਚੋਂ 10 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਹੋਟਲ ਦੀ ਤੀਜੀ ਮੰਜ਼ਿਲ ਵਿੱਚ ਅੱਗ ਲੱਗੀ, ਜੋ ਛੇਤੀ ਨਾਲ ਹੋਟਲ ਦੇ ਹੋਰ ਹਿੱਸਿਆਂ ਵਿੱਚ ਫੈਲ ਗਈ। ਅੱਗ ਲੱਗਣ ਦੀ ਸੂਚਨਾ ਦਿੱਲੀ ਫਾਇਰ ਸਰਵਿਸ ਤੇ ਦਿੱਲੀ ਪੁਲੀਸ ਨੂੰ ਦਿੱਤੀ ਗਈ, ਜਿਸ ਮਗਰੋਂ ਤੁਰੰਤ ਉੱਥੇ 4 ਅੱਗ ਬੁਝਾਊ ਇੰਜਣ ਪਹੁੰਚੇ, ਜਿਨ੍ਹਾਂ ਨੇ ਅੱਗ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ। ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਮੁਤਾਬਕ ਦੂਜੀ ਤੇ ਤੀਜੀ ਮੰਜ਼ਲ ਉਪਰ 10 ਵਿਅਕਤੀ ਫਸ ਗਏ ਸਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅੱਗ ਲੱਗਣ ਦਾ ਪਤਾ ਤੜਕੇ 4 ਵਜੇ ਦੇ ਕਰੀਬ ਲੱਗਿਆ। ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸ਼ੁਰੂਆਤੀ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਅੱਗ ਬਿਜਲੀ ਦੀ ਚਿੰਗਾੜੀ ਤੋਂ ਲੱਗੀ ਜਾਪਦੀ ਹੈ। ਦਿੱਲੀ ਪੁਲੀਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਤੇ ਹੋਟਲ ਨਾਲ ਜੁੜੇ ਦਸਤਾਵੇਜ਼ ਵੀ ਜਾਂਚ ਦੇ ਘੇਰੇ ਵਿੱਚ ਹਨ।
ਪਹਾੜਗੰਜ ਦੇ ਜਿਸ ਇਲਾਕੇ ਵਿੱਚ ਹੋਟਲ ਨੂੰ ਅੱਗ ਲੱਗੀ, ਉਹ ਸਾਰਾ ਇਲਾਕਾ ਦਰਮਿਆਨੇ ਦਰਜੇ ਦੇ ਹੋਟਲਾਂ ਵਾਲਾ ਹੈ। ਇੱਥੇ ਵਿਦੇਸ਼ੀ ਸੈਲਾਨੀ ਵੀ ਵੱਡੀ ਗਿਣਤੀ ਵਿੱਚ ਆ ਕੇ ਰਹਿੰਦੇ ਹਨ ਕਿਉਂਕਿ ਕੋਲ ਹੀ ਰੇਲਵੇ ਸਟੇਸ਼ਨ ਵੀ ਹੈ।