ਹਰਜੀਤ ਸਿੰਘ
ਜ਼ੀਰਕਪੁਰ, 26 ਅਕਤੂਬਰ
ਇੱਥੋਂ ਦੇ ਪਟਿਆਲਾ ਚੌਕ ਵਿੱਚ ਲੰਘੀ ਦੇਰ ਸ਼ਾਮ ਹਲਵਾਈ ਦੀ ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ। ਦੁਕਾਨ ਦੀ ਵਰਕਸ਼ਾਪ ਪਹਿਲੀ ਮੰਜ਼ਿਲ ’ਤੇ ਸੀ ਜਿੱਥੇ ਡੀਜ਼ਲ ਅਤੇ ਹੋਰ ਸਾਮਾਨ ਪਿਆ ਹੋਣ ਕਾਰਨ ਕੁਝ ਮਿੰਟਾਂ ਵਿੱਚ ਅੱਗ ਭੜਕ ਕੇ ਬੇਕਾਬੂ ਹੋ ਗਈ। ਅੱਗ ’ਤੇ ਕਾਬੂ ਪਾਉਣ ਲਈ ਚਾਰ ਫਾਇਰ ਬ੍ਰਿਗੇਡ ਦੀ ਗੱਡੀਆਂ ਨਾਲ ਅਮਲੇ ਨੂੰ ਘੰਟੇ ਦੀ ਮਿਹਨਤ ਕਰਨੀ ਪਈ। ਅੱਗ ’ਤੇ ਕਾਬੂ ਪਾਏ ਜਾਣ ਤੱਕ ਦੁਕਾਨ ਵਿੱਚ ਪਿਆ ਸਾਰਾ ਸਾਮਾਨ ਸੜ ਗਿਆ ਸੀ।
ਜੀ-ਇਟਿੰਗ ਪੁਆਇੰਟ ਨਾਂਅ ਦੀ ਦੁਕਾਨ ਦੇ ਮਾਲਕ ਪੰਕਜ ਕੁਮਾਰ ਨੇ ਦੱਸਿਆ ਕਿ ਕੱਲ੍ਹ ਸ਼ਾਮ ਉਹ ਸਾਢੇ ਅੱਠ ਵਜੇ ਦੁਕਾਨ ਬੰਦ ਕਰ ਕੇ ਘਰ ਗਿਆ ਸੀ। ਪੌਣੇ ਨੌਂ ਵਜੇ ਫੋਨ ’ਤੇ ਸੂਚਨਾ ਮਿਲੀ ਕਿ ਦੁਕਾਨ ਨੂੰ ਅੱਗ ਲੱਗ ਗਈ ਹੈ। ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਜਾਪ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਆਪਣੇ ਪੱਧਰ ’ਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਮਗਰੋਂ ਜ਼ੀਰਕਪੁਰ ਫਾਇਰ ਬ੍ਰਿਗੇਡ ਦੀਆਂ ਦੋ, ਡੇਰਾਬੱਸੀ ਦੀ ਇਕ ਅਤੇ ਪੰਚਕੂਲਾ ਦੀ ਇਕ ਗੱਡੀ ਨੇ ਮੌਕੇ ’ਤੇ ਪਹੁੰਚ ਕੇ ਕਰੀਬ ਇਕ ਘੰਟੇ ਵਿੱਚ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਫਾਇਰ ਬ੍ਰਿਗੇਡ ਦੀ ਗੱਡੀਆਂ ਕਾਰਨ ਫਲਾਈਓਵਰ ਦੇ ਹੇਠਾਂ ਸੜਕ ’ਤੇ ਚੰਡੀਗੜ੍ਹ ਜਾਣ ਵਾਲੇ ਪਾਸੇ ਜਾਮ ਲੱਗ ਗਿਆ। ਨੇੜਲੇ ਦੁਕਾਨਦਾਰਾਂ ਨੂੰ ਵੀ ਆਪਣੀਆਂ ਦੁਕਾਨਾਂ ਖਾਲੀ ਕਰਨੀਆਂ ਪਈਆਂ।
ਫਾਇਰ ਅਫ਼ਸਰ ਜਸਵੰਤ ਸਿੰਘ ਨੇ ਕਿਹਾ ਕਿ ਸੂਚਨਾ ਮਿਲਣ ਮਗਰੋਂ ਅੱਗ ’ਤੇ ਕਾਬੂ ਪਾ ਲਿਆ ਸੀ। ਉਨ੍ਹਾਂ ਨੇ ਕਿਹਾ ਕਿ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਮਗਰੋਂ ਕੁਝ ਕਿਹਾ ਜਾ ਸਕਦਾ ਹੈ।