ਨਵੀਂ ਦਿੱਲੀ: ਜਮੀਯਤ ਉਲੇਮਾ-ਏ-ਹਿੰਦ ਦੇ ਜਨਲਰ ਸਕੱਤਰ ਮੌਲਾਨਾ ਹਕੀਮੂਦੀਨ ਕਾਸਮੀ ਦੀ ਅਗਵਾਈ ਹੇਠ ਵਫ਼ਦ ਨੇ ਅੱਜ ਦਿੱਲੀ ਪੁਲੀਸ ਦੇ ਸਪੈਸ਼ਲ ਕਮਿਸ਼ਨਰ ਦਿਪੇਂਦਰ ਪਾਠਕ ਨਾਲ ਦਿੱਲੀ ਪੁਲੀਸ ਦੇ ਹੈੱਡਕੁਆਰਟਰ ’ਚ ਮੁਲਾਕਾਤ ਕੀਤੀ। ਵਫ਼ਦ ਨੇ ਕਥਿਤ ਤੌਰ ’ਤੇ ਭੜਕਾਊ ਭਾਸ਼ਣ ਦੇਣ ਦੇ ਦੋਸ਼ ਹੇਠ ਭਾਜਪਾ ਦੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਤੇ ਭਾਜਪਾ ਵਿਧਾਇਕ ਨੰਦ ਨਾਲ ਕਿਸ਼ੋਰ ਗੁਰਜਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸ ਸਬੰਧੀ ਵਫ਼ਦ ਨੇ ਪੁਲੀਸ ਅਧਿਕਾਰੀ ਨੂੰ ਇਕ ਮੰਗ ਪੱਤਰ ਵੀ ਸੌਂਪਿਆ। ਜ਼ਿਕਰਯੋਗ ਹੈ ਕਿ ਵਿਸ਼ਵ ਹਿੰਦੂ ਪਰਿਸ਼ਦ ਤੇ ਹੋਰ ਸੰਸਥਾਵਾਂ ਖ਼ਿਲਾਫ਼ ਦਿੱਲੀ ਵਿੱਚ ਐਤਵਾਰ ਨੂੰ ਬਿਨਾਂ ਮਨਜ਼ੂਰੀ ਇਕ ਸਮਾਗਮ ਕਰਵਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਸ ਦੌਰਾਨ ਜਮੀਯਤ ਨੇ ਮੰਗ ਕੀਤੀ ਕਿ ਉਨ੍ਹਾਂ ਸਾਰੇ ਕਸੂਰਵਾਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਨੇ ਇਹ ਸਮਾਗਮ ਕਰਵਾਇਆ ਸੀ ਤੇ ਜਿਨ੍ਹਾਂ ਨੇ ਭੜਕਾਊ ਭਾਸ਼ਣ ਦਿੱਤਾ ਸੀ। -ਪੀਟੀਆਈ