ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਅਗਸਤ
ਕਿਸਾਨ ਏਕਤਾ ਮੋਰਚੇ ਦੇ ਸਹਿਯੋਗ ਨਾਲ ਦਿੱਲੀ ਦੇ ਗਾਜ਼ੀਪੁਰ ਬਾਰਡਰ ਉਪਰ ਸ਼ਹੀਦ ਨਰਿੰਦਰ ਦ ਭੋਲਕਰ ਦੀ ਯਾਦ ਵਿੱਚ ਗਿਆਨ, ਵਿਗਿਆਨ ਤੇ ਵਿਗਿਆਨਕ ਦ੍ਰਿਸ਼ਟੀਕੋਨ ਨਾਲ ਸਬੰਧਤ ਸਾਹਿਤ ਦਾ ਸਟਾਲ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਲਾਇਆ ਗਿਆ। ਸੁਸਾਇਟੀ ਦੇ ਆਗੂ ਐਡਵੋਕੇਟ ਹਰਿੰਦਰ ਲਾਲੀ ਦੀ ਅਗਵਾਈ ਹੇਠ ਇੱਕ ਕਾਫ਼ਲਾ ਗਾਜ਼ੀਪੁਰ ਬਾਰਡਰ ਉਪਰ ਪੁੱਜਿਆ ਤੇ ਲੋਕਾਂ ਨੂੰ ਮਿਆਰੀ ਸਾਹਿਤ ਪੜ੍ਹਨ ਲਈ ਪ੍ਰੇਰਿਆ। ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਦੱਸਿਆ ਗਿਆ ਕਿ ਅਜਿਹੇ ਚਾਰ ਕਾਫ਼ਲੇ ਸਿੰਘੂ, ਟਿਕਰੀ, ਗਾਜ਼ੀਪੁਰ ਤੇ ਉਗਰਾਹਾਂ ਦੀ ਸਟੇਜ ਵੱਲ ਭੇਜੇ ਗਏ ਹਨ। ਕਿਸਾਨਾਂ ਵੱਲੋਂ ਅਜਿਹੇ ਸਾਹਿਤ ਨੂੰ ਰਲਿਆ-ਮਿਲਿਆ ਹੁੰਗਾਰਾ ਦਿੱਤਾ ਜਾ ਰਿਹਾ ਹੈ। ਜਦੋਂ ਤੋਂ ਮੋਰਚੇ ਸ਼ੁਰੂ ਹੋਏ ਹਨ ਉੱਦੋਂ ਦੀ ਕਈ ਨੌਜਵਾਨਾਂ ਨੇ ਦਿੱਲੀ ਦੀਆਂ ਹੱਦਾਂ ਉਪਰ ਲਾਇਬ੍ਰੇਰੀਆਂ ਬਣਾਉਣ, ਅਖ਼ਬਾਰ ਮੁਹੱਈਆ ਕਰਵਾਉਣ ਦੇ ਉਪਰਾਲੇ ਕੀਤੇ ਹਨ।
ਟਿਕਰੀ ਹੱਦ ਦਿੱਲੀ ਦੀ ਮੀਟਿੰਗ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਅਮਰੀਕ ਸਿੰਘ ਫਫੜੇ ਭਾਈਕੇ ਦੀ ਪ੍ਰਧਾਨਗੀ ਹੇਠ ਹੋਈ। ਮਾਸਟਰ ਰਜਿੰਦਰ ਸਿੰਘ ਭਦੌੜ ਨੇ ਕਿਹਾ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਇਕ ਬਹੁਤ ਵੱਡੀ ਜੰਗ ਲੜ ਰਹੀਆਂ ਹਨ ਭਾਰਤ ਦੇ ਲੋਕ ਅਸਲੀ ਦੁਸ਼ਮਣ ਅਮਰੀਕਾ ਦੀਆਂ ਸਾਮਰਾਜੀ ਨੀਤੀਆਂ ਨੂੰ ਸਮਝ ਚੁੱਕੇ ਹਨ। ਇਸ ਅੰਦੋਲਨ ਨੇ ਭਾਰਤ ਦੇ ਲੋਕਾਂ ਨੂੰ ਸੁਚੇਤ ਕਰ ਦਿੱਤਾ ਹੈ, ਇਹ ਲੜਾਈ ਸਾਮਰਾਜੀ ਸ਼ਕਤੀਆਂ ਦੇ ਨਾਲ ਹੈ ਜਿਸ ਨਾਲ ਲੰਮਾ ਸਮਾਂ ਲੜਨਾ ਪੈ ਸਕਦਾ ਹੈ। ਮਨਦੀਪ ਨਥਵਾਨ ਨੇ ਕਿਹਾ ਕਿ ਖੇਤੀ ਕਾਨੂੰਨਾਂ ਤੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਲਈ ਕਹਿਣ ਵਾਲਾ ਰੱਖਿਆ ਮੰਤਰੀ ਸਿੱਧੇ ਤੌਰ ਤੇ ਕਾਰਪੋਰੇਟਾਂ ਦਾ ਪੱਖ ਪੂਰ ਰਿਹਾ ਹੈ। ਐੱਮਐੱਸਪੀ ਵਿਚ 1.5 ਗੁਣਾ ਦਾ ਵਾਧਾ ਨਹੀਂ ਕੀਤਾ ਗਿਆ ਤੇ ਮੋਦੀ ਸਰਕਾਰ ਦੁਆਰਾ ਸੰਸਦ ਦੇ ਫਰਸ਼ ਉੱਤੇ ਵਚਨਬੱਧਤਾ ਦੇ ਬਾਵਜੂਦ ਸਾਰੇ ਕਿਸਾਨਾਂ ਦੁਆਰਾ ਘੋਸ਼ਿਤ ਐੱਮ ਐੱਸ ਪੀ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਕੁਲਵੰਤ ਮੌਲਵੀਵਾਲਾ ਨੇ ਬੋਲਦਿਆਂ ਕਿਹਾ ਜੋ ਪੰਜਾਬ ਸਰਕਾਰ ਨੇ ਗੰਨੇ ਦੇ ਭਾਅ ’ਚ 15 ਰੁਪਏ ਕੁਇੰਟਲ ਦਾ ਵਾਧਾ ਕੀਤਾ ਹੈ ਉਸ ਨੂੰ ਨਿਗੂਣਾ ਵਾਧਾ ਕਰਾਰ ਦਿੰਦਿਆਂ ਪੂਰਨ ਤੌਰ ਤੇ ਰੱਦ ਕਰਨ ਦਾ ਐਲਾਨ ਕੀਤਾ।