ਮਨਧੀਰ ਿਸੰਘ ਦਿਓਲ
ਨਵੀਂ ਦਿੱਲੀ, 12 ਦਸੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਦੇਸ਼ ’ਚ ਇਸ ਵੇਲੇ ਸ਼ਰਾਰਤੀ ਅਨਸਰਾਂ ਵੱਲੋਂ ਕਿਸਾਨ ਅੰਦੋਲਨ ਦੇ ਨਾਂ ’ਤੇ ਸਿੱਖਾਂ ਨੂੰ ਦੇਸ਼ ਵਿਰੋਧੀ ਦਰਸਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਜੋ ਕਦੇ ਵੀ ਸਫਲ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਸਿੱਖ ਹਮੇਸ਼ਾ ਕੁਰਬਾਨੀਆਂ ਲਈ ਜਾਣੇ ਜਾਂਦੇ ਹਨ। ਦੇਸ਼ ਲਈ ਸਿੱਖਾਂ ਨੇ ਕਈ ਕੁਰਬਾਨੀਆਂ ਦਿੱਤੀਆਂ ਹਨ ਅਤੇ ਅੰਜ ਜਦੋਂ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਤਾਂ ਸਰਕਾਰ ਚੁੱਪ ਬੈਠੀ ਹੈ ਅਤੇ ਸਰਕਾਰ ਨੇ ਕੋਈ ਬਿਆਨ ਹਾਲੇ ਤੱਕ ਨਹੀਂ ਦਿੱਤਾ ਹੈ। ਇਥੇ ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ, ਦਿੱਲੀ ਕਮੇਟੀ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਤੇ ਹੋਰ ਅਹੁਦੇਦਾਰਾਂ ਸਮੇਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਹੈਰਾਨੀ ਵਾਲੀ ਗੱਲ ਹੈ ਕਿ ਪਹਿਲਾਂ ਕਿਸਾਨ ਅੰਦੋਲਨ ਨੂੰ ਦੇਸ਼ ਵਿਰੋਧੀ ਤੇ ਖਾਲਿਸਤਾਨੀ ਕਰਾਰ ਦੇਣ ਦਾ ਯਤਨ ਕੀਤਾ ਗਿਆ ਤੇ ਜਿਉਂ ਹੀ ਕਿਸਾਨਾਂ ਤੇ ਸਰਕਾਰ ਦਰਮਿਆਨ ਗੱਲਬਾਤ ਟੁੱਟੀ ਤਾਂ ਕੁਝ ਸੌੜੀ ਸੋਚ ਵਾਲੇ ਅਨਸਰਾਂ ਨੇ ਸਿੱਖਾਂ ਨੂੰ ਦੇਸ਼ ਵਿਰੋਧੀ ਦਰਸਾਉਣ ਦੀ ਮੁਹਿੰਮ ਸੋਸ਼ਲ ਮੀਡੀਆ ’ਤੇ ਬਹੁਤ ਤੇਜ਼ੀ ਨਾਲ ਚਲਾਈ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਨੂੰ ਸਿਰਫ ਸਿੱਖ ਕਿਸਾਨਾਂ ਦਾ ਅੰਦੋਲਨ ਕਰਾਰ ਦਿੱਤਾ ਗਿਆ ਹੈ ਜਦਕਿ ਸੱਚਾਈ ਇਹ ਹੈ ਕਿ ਇਸ ਅੰਦੋਲਨ ’ਚ ਪੰਜਾਬ ਹੀ ਨਹੀਂ ਬਲਕਿ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਸਮੇਤ ਸਾਰੇ ਹੀ ਸੂਬਿਆਂ ਤੋਂ ਕਿਸਾਨ ਤੇ ਸਮਾਜ ਦੇ ਹੋਰ ਵਰਗ ਸ਼ਾਮਲ ਹਨ। ਤਖ਼ਤ ਪਟਨਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਕਿਹਾ ਕਿ ਇਹ ਸਮੁੱਚੇ ਕਿਸਾਨਾਂ ਦੀ ਲੜਾਈ ਹੈ ਨਾ ਕਿ ਇਕੱਲੇ ਸਿੱਖਾਂ ਦੀ। ਸਿੱਖਾਂ ਨੂੰ ਅਤਿਵਾਦੀ ਜਾਂ ਖਾਲਿਸਤਾਨੀ ਅਤੇ ਦੇਸ਼ ਵਿਰੋਧੀ ਨਾਂ ਦਿੱਤਾ ਜਾ ਰਿਹਾ ਹੈ ਇਹ ਕਾਫ਼ੀ ਦੁਖ ਭਰਿਆ ਹੈ। ਅੱਜ ਆਪਣੀ ਆਵਾਜ਼ ਚੁੱਕਣ ਲਈ ਪੂਰੇ ਦੇਸ਼ ਦੇ ਕਿਸਾਨ ਇਕਜੁੱਟ ਹਨ। ਇਸ ਦੌਰਾਨ ਕਮੇਟੀ ਦੇ ਸਾਰੇ ਮੈਂਬਰਾਂ ਨੇ ਨਾਅਰੇ ਲਿਖੇ ਪੋਸਟਰ ਵੀ ਦਿਖਾਏ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਜੀਤ ਸਿੰਘ ਪੱਪਾ, ਗੁਰਮੀਤ ਸਿੰਘ ਭਾਟੀਆ, ਸਰਵਜੀਤ ਸਿੰਘ ਵਿਰਕ, ਵਿਕਰਮ ਸਿੰਘ ਰੋਹਿਣੀ, ਨਿਸ਼ਾਨ ਸਿੰਘ ਮਾਨ, ਐੱਮਪੀਐੱਸ ਚੱਢਾ, ਅਮਰਜੀਤ ਸਿੰਘ ਪਿੰਕੀ, ਸਤਿੰਦਰਪਾਲ ਸਿੰਘ ਨਾਗੀ, ਦਲਜੀਤ ਸਿੰਘ ਸਰਨਾ, ਜਸਪ੍ਰੀਤ ਸਿੰਘ ਵਿੱਕੀ ਮਾਨ, ਸੁਖਵਿੰਦਰ ਸਿੰਘ ਬੱਬਰ ਵੀ ਹਾਜ਼ਰ ਸਨ।