ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਮਈ
ਦਿੱਲੀ ਮਹਿਲਾ ਕਮਿਸ਼ਨ ਵੱਲੋਂ ਦਿੱਲੀ ਦੇ ਉੱਤਰੀ ਹਿੱਸੇ ਵਿੱਚ ਭਲਸਵਾ ਕੂੜੇ ਦੇ ਢੇਰ, ਗਾਜ਼ੀਪੁਰ ਦੇ ਕੂੜਾ ਘਰ ਤੇ ਓਖਲਾ ਦੇ ਕੂੜਾਨੁਮਾ ਪਹਾੜ ਦੇ ਨੇੜੇ ਰਹਿੰਦੇ ਪਰਿਵਾਰਾਂ ਦੀਆਂ ਔਰਤਾਂ ਤੇ ਉਨ੍ਹਾਂ ਦੇ ਬੱਚਿਆਂ ਦੀ ਸਿਹਤ ਜਾਂਚਣ ਲਈ ਮਾਹਿਰਾਂ ਦੀ ਇੱਕ ਕਮੇਟੀ ਕਾਇਮ ਕੀਤੀ ਜਾਵੇਗੀ, ਜੋ ਇਨ੍ਹਾਂ ਕੂੜਾਨੁਮਾ ਪਹਾੜਾਂ ਵਿੱਚ ਆਏ ਦਿਨ ਲੱਗਦੀ ਰਹਿੰਦੀ ਅੱਗ ਅਤੇ ਦੁਰਗੰਧ ਦੇ ਮਾੜੇ ਪ੍ਰਭਾਵਾਂ ਦਾ ਪਤਾ ਲਾਵੇਗੀ। ਇਸ ਜਾਂਚ ਵਿੱਚ ਦਿੱਲੀ ਨਗਰ ਨਿਗਮ ਦੀਆਂ ਸਫ਼ਾਈ ਮੁਲਾਜ਼ਮਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਕਮੇਟੀ ਵੱਲੋਂ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਸੌਂਪੀ ਜਾਵੇਗੀ ਜਿਸ ਮਗਰੋਂ ਉਸ ਉਪਰ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਹ ਕਮੇਟੀ ਬਣਾਉਣ ਦਾ ਫ਼ੈਸਲਾ ਬੀਤੇ ਦਿਨੀਂ ਭਲਸਵਾ ਵਿੱਚ 25 ਅਪਰੈਲ ਤੋਂ ਲਗਾਤਾਰ ਲੱਗੀ ਅੱਗ ਦੇ ਮੱਦੇਨਜ਼ਰ ਲਿਆ ਗਿਆ। ਉਹ ਅੱਗ 22 ਦਿਨ ਸੁਲਗਦੀ ਰਹੀ ਸੀ ਜਿਸ ਕਾਰਨ ਸਥਾਨਕ ਲੋਕਾਂ ਨੂੰ ਘਰਾਂ ਨੂੰ ਤਾਲੇ ਲਾ ਕੇ ਜਾਣਾ ਪਿਆ ਸੀ। ਕੁੱਝ ਦਿਨ ਲਈ ਸਕੂਲ ਵੀ ਬੰਦ ਰੱਖਣੇ ਪਏ ਸਨ।
ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਕਿਹਾ ਕਿ ਉੱਤਰੀ ਦਿੱਲੀ ਨਗਰ ਨਿਗਮ ਨੇ ਭਲਸਵਾ ਦੇ ਕੂੜੇ ਦੇ ਢੇਰ ਨੂੰ ਸਾਂਭਣ ਪ੍ਰਤੀ ਢਿੱਲਾ ਰਵੱਈਆ ਅਪਣਾਇਆ ਹੈ, ਜਦੋਂਕਿ ਕੂੜੇ ਦੇ ਢੇਰ ਦਿਨੋ-ਦਿਨ ਵਧਦੇ ਚਲੇ ਗਏ। ਉਨ੍ਹਾਂ ਕਿਹਾ ਕਿ ਕੂੜੇ ਵਾਲੀਆਂ ਥਾਵਾਂ ਨੇੜੇ ਲੋਕ ਕਈ ਸਾਲਾਂ ਤੋਂ ਵਸੇ ਹੋਏ ਹਨ ਤੇ ਉਹ ਅਜਿਹੀਆਂ ਮਾੜੀਆਂ ਹਾਲਤਾਂ ਵਿੱਚ ਰਹਿਣ ਲਈ ਮਜ਼ਬੂਰ ਹਨ ਜਿਸ ਕਾਰਨ ਉਨ੍ਹਾਂ ਦੀ ਸਿਹਤ ਉਪਰ ਕੂੜੇ ਦੇ ਢੇਰਾਂ ਦਾ ਅਸਰ ਪੈਂਦਾ ਹੈ। ਜ਼ਿਕਰਯੋਗ ਹੈ ਕਿ 2019 ਵਿੱਚ ਕੌਮੀ ਗਰੀਨ ਟ੍ਰਿਬਿਊਨਲ (ਐੱਨਜੀਟੀ) ਵੱਲੋਂ ਇਨ੍ਹਾਂ ਢੇਰਾਂ ਨੂੰ ਟਿਕਾਣੇ ਲਾਉਣ ਦੇ ਹੁਕਮ ਦਿੱਤੇ ਸਨ, ਪਰ 70 ਕਰੋੜ ਖਰਚਣ ਦੇ ਬਾਵਜੂਦ ਇਹ ਵਧਦੇ ਹੀ ਗਏ।