ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਅਗਸਤ
ਇਥੇ ਨੈਸ਼ਨਲ ਅਕਾਲੀ ਦਲ ਇਸਤਰੀ ਵਿੰਗ ਦੀ ਮੀਟਿੰਗ ਪੱਛਮੀ ਦਿੱਲੀ ਦੇ ਕੀਰਤੀ ਨਗਰ ਵਿੱਚ ਕੌਮੀ ਪ੍ਰਧਾਨ ਪਰਮਜੀਤ ਸਿੰਘ ਪੰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਇਸਤਰੀ ਵਿੰਗ ਦੀ ਕੌਮੀ ਪ੍ਰਧਾਨ ਭਾਵਨਾ ਧਵਨ, ਸੀਨੀਅਰ ਮੀਤ ਪ੍ਰਧਾਨ ਨੀਰੂ ਸਹਿਗਲ, ਮੀਤ ਪ੍ਰਧਾਨ ਸਰਬਜੀਤ ਕੌਰ, ਜਨਰਲ ਸਕੱਤਰ ਮਧੂ ਸ਼ਰਮਾ, ਸਕੱਤਰ ਧਰਮਾ ਦੇਵੀ, ਰੂਬੀ ਜਿੰਦਲ, ਰੁਪਾਲੀ ਸੋਨੀ ਸਮੇਤ ਨੈਸ਼ਨਲ ਅਕਾਲੀ ਦਲ ਦੀਆਂ ਕਈ ਮਹਿਲਾ ਮੈਂਬਰ ਹਾਜ਼ਰ ਸਨ। ਇਸ ਮੌਕੇ ਪਰਮਜੀਤ ਸਿੰਘ ਪੰਮਾ ਤੇ ਭਾਵਨਾ ਧਵਨ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਹਰ ਰੋਜ਼ ਲੋਕਾਂ ਨੂੰ ਅਸ਼ਲੀਲ ਮੈਸੇਜ ਜਾਂ ਅਸ਼ਲੀਲ ਸਮੱਗਰੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਬੱਚੇ ਪ੍ਰਭਾਵਿਤ ਹੋ ਰਹੇ ਹਨ। ਇਸ ਸਬੰਧੀ ਕੇਂਦਰ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਸੋਸ਼ਲ ਮੀਡੀਆ ’ਤੇ ਨਜ਼ਰ ਰੱਖਣ ਲਈ ਸੈਂਸਰ ਬੋਰਡ ਬਣਾਇਆ ਜਾਵੇ ਤਾਂ ਜੋ ਕੋਈ ਵੀ ਅਸ਼ਲੀਲ ਵੀਡੀਓਜ਼ ਸੋਸ਼ਲ ਮੀਡੀਆ ’ਤੇ ਨਾ ਪਾ ਸਕੇ। ਸ੍ਰੀ ਪੰਮਾ ਨੇ ਕਿਹਾ ਕਿ 4 ਸਤੰਬਰ ਨੂੰ ਅਕਾਲੀ ਦਲ ਦਾ ਮਹਿਲਾ ਵਿੰਗ ਜੰਤਰ-ਮੰਤਰ ’ਤੇ ਸੋਸ਼ਲ ਮੀਡੀਆ ਕੰਪਨੀਆਂ ਖ਼ਿਲਾਫ ਰੋਸ ਪ੍ਰਦਰਸ਼ਨ ਕਰੇਗਾ ਅਤੇ ਸਰਕਾਰ ਤੋਂ ਇਸ ’ਤੇ ਸਖਤ ਕਾਰਵਾਈ ਕਰਨ ਦੀ ਮੰਗ ਕਰੇਗੀ।
ਇਸ ਮੌਕੇ ਨੀਰੂ ਸਹਿਗਲ ਅਤੇ ਮਧੂ ਸ਼ਰਮਾ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਹਰ ਰੋਜ਼ ਬੱਚਿਆਂ ਅਤੇ ਔਰਤਾਂ ਨੂੰ ਅਜਿਹੀਆਂ ਅਸ਼ਲੀਲ ਵੀਡੀਓਜ਼ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਬਜੀਤ ਕੌਰ, ਧਰਮ ਦੇਵੀ, ਰੂਬੀ ਜਿੰਦਲ ਅਤੇ ਰੂਪਾਲੀ ਸੋਨੀ ਨੇ ਦੱਸਿਆ ਕਿ ਕੌਮੀ ਅਕਾਲੀ ਦਲ ਇਸਤਰੀ ਵਿੰਗ ਵੱਲੋਂ ਇਸ ਵਿਰੁੱਧ ਲੋਕ ਲਹਿਰ ਚਲਾਈ ਜਾਵੇਗੀ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਸ਼ਲੀਲਤਾ ਫੈਲਾਉਣ ਵਾਲੀਆਂ ਇਨ੍ਹਾਂ ਸੋਸ਼ਲ ਮੀਡੀਆ ਕੰਪਨੀਆਂ ’ਤੇ ਲਗਾਮ ਕੱਸਣੀ ਚਾਹੀਦੀ ਹੈ।