ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਨਵੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਤੇ ਉਨ੍ਹਾਂ ਦੇ ਟੋਲੇ ਵੱਲੋਂ ਕਮੇਟੀ ਦਫਤਰ ਵਿਚ ਮਚਾਏ ਹੁੜਦੰਗ ਤੇ ਕੱਢੀਆਂ ਗਾਲ੍ਹਾਂ ਤੇ ਮੰਦੇ ਵਤੀਰੇ ਦੀਆਂ ਵੀਡੀਓ ਰਿਕਾਰਡਿੰਗਾਂ ਮੀਡੀਆ ਨੂੰ ਜਾਰੀ ਕੀਤੀਆਂ ਹਨ। ਇਸ ਦੌਰਾਨ ਕਮੇਟੀ ਨੇ ਹਿਸਾਬ ਦੇ ਰਜਿਸਟਰ ਵੀ ਮੀਡੀਆ ਸਾਹਮਣੇ ਪੇਸ਼ ਕੀਤੇ ਹਨ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਦਾ ਅਸਲ ਮਕਸਦ ਤਲਵਾਰਾਂ ਨਾਲ ਟਕਰਾਅ ਕਰਨਾ ਸੀ ਜਿਸ ਬਹਾਨੇ ਇਹ ਕਮੇਟੀ ਦਾ ਸਾਰਾ ਪ੍ਰਬੰਧ ਸਰਕਾਰ ਹਵਾਲੇ ਕਰਨਾ ਚਾਹੁੰਦੇ ਸਨ। ਉਹਨਾਂ ਕਿਹਾ ਕਿ ਸਟਾਫ ਤੇ ਹੋਰ ਮੈਂਬਰਾਂ ਨੇ ਬਹੁਤ ਹੀ ਸੰਜਮ ਨਾਲ ਕੰਮ ਲਿਆ। ਉਹਨਾਂ ਦੱਸਿਆ ਕਿ ਜਦੋਂ ਨਗਦੀ ਗਿਣਨ ਤੇ ਗਿਣੀ ਨਗਦੀ ਦੀ ਲਿਖਤੀ ਰਸੀਦ ਦੇਣ ਵਾਸਤੇ ਕਿਹਾ ਗਿਆ ਤਾਂ ਸਰਨਾ ਢਿੱਡ ਵਿਚ ਦਰਦ ਹੋਣ ਦਾ ਬਹਾਨਾ ਬਣਾ ਕੇ ਮੌਕੇ ਤੋਂ ਫਰਾਰ ਹੋ ਗਏ। ਕਾਲਕਾ ਨੇ 38 ਲੱਖ ਦੇ ਪੁਰਾਣੇ ਨੋਟ ਤੋਸ਼ੇਖਾਨੇ ਵਿਚ ਹੋਣ ਦੇ ਦਾਅਵਿਆਂ ਦੇ ਜਵਾਬ ਵਿਚ ਮਨਜੀਤ ਸਿੰਘ ਜੀ ਕੇ ਵੱਲੋਂ ਪ੍ਰਧਾਨ ਹੋਣ ਸਮੇਂ ਪਾਏ ਮਤੇ ਤੇ ਰਿਜ਼ਰਵ ਬੈਂਕ ਦੇ ਗਵਰਨਰ ਨੂੰ ਲਿਖੇ ਪੱਤਰ ਦੀ ਕਾਪੀ ਵੀ ਮੀਡੀਆ ਨੂੰ ਵਿਖਾਈ ਤੇ ਦੱਸਿਆ ਕਿ ਮਨਜੀਤ ਸਿੰਘ ਜੀ ਕੇ ਇਹ ਭੁੱਲ ਗਏ ਕਿ ਨੋਟਬੰਦੀ ਵੇਲੇ 38 ਲੱਖ ਰੁਪਏ ਦੇ ਇਹ ਨੋਟ ਉਹਨਾਂ ਨੇ ਖੁਦ ਜਮ੍ਹਾਂ ਕਰਵਾਏ ਸਨ ਜਦੋਂ ਬੈਂਕਾਂ ਨੇ ਇਹ ਨੋਟ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਜੀ ਕੇ ਨੇ ਰਿਜ਼ਰਵ ਬੈਂਕ ਦੇ ਗਵਰਨਰ ਨੂੰ ਚਿੱਠੀ ਵੀ ਲਿਖੀ ਸੀ। ਕਮੇਟੀ ਦਾ ਇਕ ਵਫਦ ਜਥੇਦਾਰ ਅਕਾਲ ਤਖਤ ਨਾਲ ਮੁਲਾਕਾਤ ਕਰੇਗਾ ਤੇ ਹਰਵਿੰਦਰ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ ਕੇ ਨੂੰ ਤੁਰੰਤ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ ਕਰਨ ਦੀ ਮੰਗ ਕਰੇਗਾ।
38 ਲੱਖ ਦੇ ਪੁਰਾਣੇ ਨੋਟਾਂ ਦੇ ਮਾਮਲੇ ਦੀ ਜਾਂਚ ਹੋਵੇ: ਸਰਨਾ
ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਦਾਅਵਾ ਕੀਤਾ ਕਿ ਖਜ਼ਾਨੇ ਦੀ ਜਾਂਚ ਪੜਤਾਲ ਦੌਰਾਨ 1.32 ਕਰੋੜ ਰੁਪਏ ਦਾ ਰਿਕਾਰਡ ਵਿਖਾਇਆ ਗਿਆ,ਉਸ ਵਿਚ 38 ਲੱਖ ਰੁਪਏ ਦੀ ਪੁਰਾਣੀ ਨਕਦੀ ਵੀ ਮਿਲੀ ਜੋ ਭਾਰਤ ਸਰਕਾਰ ਵੱਲੋਂ ਬੰਦ ਕਰ ਦਿੱਤੀ ਗਈ ਸੀ। ਇੰਨੀ ਵੱਡੀ ਰਕਮ ਕੋਈ ਵੀ ਸੰਸਥਾ ਆਪਣੇ ਖਜ਼ਾਨੇ ‘ਚ ਨਹੀਂ ਰੱਖ ਸਕਦੀ। ਸਰਨਾ ਨੇ ਦੋਸ਼ ਲਾਉਂਦੇ ਹੋਏ ਪੁੱਛਿਆ ਕਿ 38 ਲੱਖ ਰੁਪਏ ਦੇ ਪੁਰਾਣੇ ਨੋਟ ਕਿਉਂ ਰੱਖੇ ਗਏ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਖਦਸ਼ਾ ਜਤਾਇਆ ਕਿ ਕਮੇਟੀ ਪ੍ਰਬੰਧਕ ਪਾਬੰਦੀਸ਼ੁਦਾ ਨੋਟਾਂ ਨੂੰ ਲੈ ਕੇ ਨਵੇਂ ਨੋਟ ਦੇਣ ਦਾ ਕੰਮ ਕਰ ਰਹੇ ਸੀ, ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਇਸ ਲਈ ਸਰਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਾਅਵਾ ਕੀਤਾ ਕਿ ਸ਼ਨਿਚਰਵਾਰ ਨੂੰ ਗੁਰਦੁਆਰਾ ਕਮੇਟੀ ਦਫ਼ਤਰ ‘ਚ ਦਿਨ ਭਰ ਚਲੇ ਵਿਰੋਧੀ ਮੈਂਬਰਾਂ ਦੀ ਜਾਂਚ ਪੜਤਾਲ ਤੋਂ ਬਾਅਦ 65 ਲੱਖ ਰੁਪਏ ਗਾਇਬ ਹੋਣ ਦੀ ਜਾਣਕਾਰੀ ਮਿਲੀ ਹੈ। ਇਹ 65 ਲੱਖ ਰੁਪਏ ਨਾ ਬੈਂਕ ਜਮਾਂ ਕਰਵਾਏ ਗਏ ਅਤੇ ਨਾ ਹੀ ਕਮੇਟੀ ਦੇ ਖਜ਼ਾਨੇ ‘ਚ ਮੌਜੂਦ ਹਨ, ਇੰਨੀ ਵੱਡੀ ਰਕਮ ਕੋਈ ਵੀ ਸੰਸਥਾ ਖਜ਼ਾਨੇ ‘ਚ ਨਹੀਂ ਰੱਖ ਸਕਦੀ।