ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਨਵੰਬਰ
ਨਵੀਂ ਦਿੱਲੀ ਰੇਲਵੇ ਸਟੇਸ਼ਨ ਵਿੱਚ ਦਿੱਲੀ ਪੁਲੀਸ ਦੀ ਰੇਲਵੇ ਇਕਾਈ ਵੱਲੋਂ ਨਾਈਜ਼ੀਰੀਅਨ ਔਰਤ ਤੋਂ ਨਾਈਜ਼ੀਰੀਆ ਦੀਆਂ ਪ੍ਰਸਿੱਧ ਬੀਅਰ ਦੀਆਂ 840 ਕੈਨਾਂ ਬਰਾਮਦ ਕੀਤੀਆਂ ਹਨ ਜੋ ਉਹ ਭਾਰਤ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਲਿਆਈ ਸੀ ਤੇ ਮੁੰਬਈ ਤੋਂ ਮੁੰਬਈ ਰਾਜਧਾਨੀ ਐਕਸਪ੍ਰੈਸ ਰਾਹੀਂ ਲੈ ਕੇ ਆ ਰਹੀ ਸੀ। ਰੇਲਵੇ ਸਟੇਸ਼ਨ ਦੇ ਥਾਣੇ ਵਿੱਚ ਵਿਦੇਸ਼ੀ ਔਰਤ ਮਰੀਅਮ ਇਨੀ ਈਡਾਕਵੋ (49 ਸਾਲ) ਖ਼ਿਲਾਫ਼ ਦਿੱਲੀ ਆਬਕਾਰੀ ਐਕਟ ਤਹਿਤ ਮੁੱਕਦਮਾ ਨੰਬਰ 36/20 ਦਰਜ ਕੀਤਾ ਗਿਆ ਹੈ। ਡੀਸੀਪੀ ਹਰਿੰਦਰ ਸਿੰਘ ਮੁਤਾਬਕ ਮੁੰਬਈ ਰਾਜਧਾਨੀ ਐਕਸਪ੍ਰੈੱਸ ਦੇ ਯਾਤਰੀਆਂ ਦੀ ਤਲਾਸ਼ੀ ਦੌਰਾਨ ਮਰੀਅਮ ਦੀਆਂ ਹਰਕਤਾਂ ਸ਼ੱਕੀ ਪਾਈਆਂ ਗਈਆਂ ਜਿਸ ਕਰਕੇ ਉਸ ਦੇ ਸਾਮਾਨ ਦੀ ਜਾਂਚ ਕੀਤੀ ਗਈ। ਏ-2 ਕੋਚ ਵਿੱਚ ਸਫ਼ਰ ਕਰ ਰਹੀ ਔਰਤ ਦੇ ਸਾਮਾਨ ਵਿੱਚ 12 ਬੋਰੀਆਂ ਵਿੱਚ 840 ਬੀਅਰ ਦੀਆਂ ਕੈਨਾਂ ਰੱਖੀਆਂ ਹੋਈਆਂ ਸਨ ਜੋ ਦਿੱਲੀ ਵਿੱਚ ਮਹਿੰਗੇ ਭਾਅ ਵੇਚਣੀਆਂ ਸਨ। ਉਹ 2011 ਤੋਂ ਭਾਰਤ ਕੱਪੜੇ ਦੇ ਵਪਾਰ ਦੇ ਬਹਾਨੇ ਆ ਜਾ ਰਹੀ ਸੀ ਤੇ ਹੁਣ ਉਹ ਫਰਵਰੀ 2020 ਤੋਂ ਮੁੰਬਈ ਆਈ ਹੋਈ ਸੀ। ਉਸ ਨੇ ਇਹ ਬੀਅਰ ਕਿੱਥੋਂ ਭਾਰਤ ਵਿੱਚ ਹਾਸਲ ਕੀਤੀ ਤੇ ਅੱਗੇ ਕਿੱਥੇ ਵੇਚੀ ਜਾਣੀ ਸੀ ਇਸ ਬਾਬਤ ਪੁਲੀਸ ਜਾਂਚ ਕਰਨ ਲੱਗੀ ਹੋਈ ਸੀ।