ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਮਈ
ਕੌਮੀ ਰਾਜਧਾਨੀ ਵਿੱਚ ਕਰੋਨਾ ਲਾਗ ’ਚ ਕਾਫ਼ੀ ਗਿਰਾਵਟ ਆਉਣ ਦੇ ਮੱਦੇਨਜ਼ਰ ਹੁਣ ਦਿੱਲੀ ਦੇ ਵਪਾਰੀਆਂ ਨੇ ਸਰਕਾਰ ਨੂੰ ਬਾਜ਼ਾਰ ਤੇ ਫੈਕਟਰੀਆਂ ਖੋਲ੍ਹਣ ਦੀ ਬੇਨਤੀ ਕੀਤੀ ਹੈ। ਦਿੱਲੀ ਸਰਕਾਰ ਨੇ 31 ਮਈ ਤੱਕ ਲੌਕਡਾਊਨ ਦਾ ਐਲਾਨ ਕੀਤਾ ਸੀ ਜੋ ਅਗਲੇ ਸੋਮਵਾਰ ਸਵੇਰ ਤੱਕ ਲਾਗੂ ਰਹੇਗਾ। ਚੈਂਬਰ ਆਫ਼ ਟ੍ਰੇਡ ਐਂਡ ਇੰਡਸਟਰੀ ਨੇ ਦਿੱਲੀ ਵਿੱਚ ਕਰਵਾਏ ਆਨਲਾਈਨ ਸਰਵੇਖਣ ਵਿੱਚ 80 ਫੀਸਦ ਵਪਾਰੀ ਤੇ ਉਦਯੋਗਿਕ ਸੰਸਥਾਵਾਂ ਨੇ ਤਾਲਾਬੰਦੀ ਨੂੰ ਖੋਲ੍ਹਣ ਦੇ ਹੱਕ ਵਿੱਚ ਆਪਣੀ ਰਾਏ ਦਿੱਤੀ ਹੈ। ਇਸ ਸਰਵੇਖਣ ਵਿੱਚ ਲਗਪਗ 560 ਵਪਾਰੀ ਸੰਸਥਾਵਾਂ ਨੇ ਹਿੱਸਾ ਲਿਆ, ਜਿਸ ਵਿੱਚ ਕਾਰੋਬਾਰ, ਉਦਯੋਗ, ਪ੍ਰਾਹੁਣਚਾਰੀ ਤੇ ਸੇਵਾ ਖੇਤਰ ਦੀਆਂ ਸੰਸਥਾਵਾਂ ਸ਼ਾਮਲ ਹਨ। ਕਸ਼ਮੀਰੀ ਗੇਟ, ਚਾਂਦਨੀ ਚੌਕ, ਚਾਵੜੀ ਬਾਜ਼ਾਰ, ਸਦਰ ਬਾਜ਼ਾਰ, ਖਾਰੀ ਬਾਉਲੀ, ਕਰੋਲ ਬਾਗ, ਕਮਲਾ ਨਗਰ, ਲਾਜਪਤ ਨਗਰ, ਕਨਾਟ ਪਲੇਸ, ਕੀਰਤੀ ਨਗਰ, ਕ੍ਰਿਸ਼ਨਾ ਨਗਰ, ਰਾਜੌਰੀ ਗਾਰਡਨ, ਨਹਿਰੂ ਪਲੇਸ, ਸ਼ਾਹਦਰਾ, ਗਾਂਧੀ ਨਗਰ, ਨਗਰ, ਰੋਹਿਣੀ, ਪੀਤਮਪੁਰਾ, ਜਨਕਪੁਰੀ, ਮਾਲਵੀਆ ਨਗਰ, ਦੁਆਰਕਾ, ਗ੍ਰੇਟਰ ਕੈਲਾਸ਼ ਆਦਿ ਬਾਜ਼ਾਰਾਂ ਤੋਂ ਵਪਾਰੀਆਂ ਨੇ ਹਿੱਸਾ ਲਿਆ। 60 ਫ਼ੀਸਦ ਵਪਾਰੀਆਂ ਨੇ ਕਿਹਾ ਕਿ ਮੈਟਰੋ ਰੇਲ ਦੀ ਸੇਵਾ ਦੁਬਾਰਾ ਚਾਲੂ ਕੀਤੀ ਜਾਣੀ ਚਾਹੀਦੀ ਹੈ ਨਹੀਂ ਤਾਂ ਸੜਕਾਂ ’ਤੇ ਆਵਾਜਾਈ ਬਹੁਤ ਜ਼ਿਆਦਾ ਵਧੇਗੀ। 80 ਫ਼ੀਸਦ ਤੋਂ ਵੱਧ ਕਾਰੋਬਾਰੀ ਸੰਗਠਨਾ ਬਾਜ਼ਾਰਾਂ ਵਿਚ ਸਵੱਛਤਾ ਚਾਹੁੰਦੇ ਹਨ। ਦਿੱਲੀ ਦੇ 28 ਉਦਯੋਗਿਕ ਖੇਤਰਾਂ ਜਿਸ ਵਿੱਚ ਨਰੇਲਾ, ਬਵਾਨਾ, ਮੰਗੋਲ ਪੁਰੀ, ਮਾਇਆਪੁਰੀ, ਉਦਯੋਗ ਨਗਰ, ਕੀਰਤੀ ਨਗਰ, ਆਨੰਦ ਪਰਬਤ, ਸ਼ਾਹਦਰਾ, ਵਜ਼ੀਰਪੁਰ, ਬਦਲੀ, ਓਖਲਾ, ਝਿਲਮਿਲ ਵਰਗੇ ਉਦਯੋਗਿਕ ਖੇਤਰਾਂ ਦੇ ਫੈਕਟਰੀ ਮਾਲਕਾਂ ਨੇ ਹਿੱਸਾ ਲਿਆ। ਚੈਂਬਰ ਦੇ ਉਪ-ਪ੍ਰਧਾਨ ਨਵਦੀਪ ਮਲਹੋਤਰਾ ਨੇ ਕਿਹਾ ਕਿ ਇਨ੍ਹਾਂ 560 ਸੰਸਥਾਵਾਂ ਵਿੱਚੋਂ 450 ਨੇ ਕਿਹਾ ਕਿ ਦਿੱਲੀ ਵਿਚ ਕਰੋਨਾ ਦੀ ਲਾਗ ਦਰ ਘਟ ਰਹੀ ਹੈ। ਇਸ ਲਈ 1 ਜੂਨ ਤੋਂ ਦਿੱਲੀ ਵਿਚ ਬਾਜ਼ਾਰਾਂ ਤੇ ਫੈਕਟਰੀਆਂ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ। ਕੁਝ ਸੰਸਥਾਵਾਂ ਬਾਜ਼ਾਰਾਂ ਨੂੰ ਔਡ-ਈਵਨ ਦੇ ਅਧਾਰ ’ਤੇ ਖੋਲ੍ਹਣ, ਕੁਝ ਪ੍ਰਚੂਨ ਤੇ ਥੋਕ ਬਾਜ਼ਾਰਾਂ ਲਈ ਸਮਾਂ ਵੱਖਰਾ ਹੋਣ, ਦੁਕਾਨਾਂ ਹਫ਼ਤੇ ਵਿਚ ਸਿਰਫ ਪੰਜ ਦਿਨ ਹੀ ਖੋਲ੍ਹਣ ਦੇ ਸੁਝਾਅ ਦਿੱਤੇ।