ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 13 ਸਤੰਬਰ
ਦਿੱਲੀ ਸਰਕਾਰ ਨੇ ਕੋਵਿਡ-19 ਦੇ ਮਰੀਜ਼ਾਂ ਲਈ ਦਿੱਲੀ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ’ਚ ਉਪਲੱਬਧ ਆਈਸੀਯੂ ਦੇ 80 ਫ਼ੀਸਦ ਬਿਸਤਰੇ ਰਾਖਵੇਂ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਇਹ ਹੁਕਮ ਸਾਰੇ ਨਿੱਜੀ ਹਸਪਤਾਲਾਂ ’ਤੇ ਲਾਗੂ ਹੋਵੇਗਾ। ਪ੍ਰਾਈਵੇਟ ਹਸਪਤਾਲ ਜਿਨ੍ਹਾਂ ’ਚ ਆਈਸੀਯੂ ਦੇ ਬਿਸਤਰੇ ਅਜੇ ਵੀ ਦੂਜੇ ਮਰੀਜ਼ਾਂ ਨਾਲ ਭਰੇ ਹੋਏ ਹਨ, ਨੂੰ ਖਾਲੀ ਕਰਨ ਤੋਂ ਬਾਅਦ ਕੋਵਿਡ -19 ਵਿਚ ਸ਼ਾਮਲ ਕੀਤਾ ਜਾਵੇਗਾ। ਜੈਨ ਨੇ ਦੱਸਿਆ ਕਿ ਦਿੱਲੀ ’ਚ ਕੋਵਿਡ ਦੇ 14,372 ‘ਚੋਂ 7938 ਬਿਸਤਰੇ ਭਰ ਗਏ ਹਨ ਤੇ 50 ਫ਼ੀਸਦ ਤੋਂ ਵੱਧ ਅਜੇ ਵੀ ਖਾਲੀ ਹਨ।
ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਹਸਪਤਾਲਾਂ ’ਚ ਕਾਫ਼ੀ ਬਿਸਤਰੇ ਹਨ। ਆਈਸੀਯੂ ਦੇ ਬਿਸਤਰੇ ਥੋੜੇ ਘੱਟ ਹੋਣੇ ਸ਼ੁਰੂ ਹੋ ਗਏ ਹਨ। ਇਸ ਲਈ ਦਿੱਲੀ ਸਰਕਾਰ ਨੇ ਆਦੇਸ਼ ਦਿੱਤਾ ਹੈ ਕਿ ਦਿੱਲੀ ਦੇ 33 ਵੱਡੇ ਹਸਪਤਾਲਾਂ ’ਚ 80 ਫੀਸਦ ਆਈ.ਸੀ.ਯੂ. ਬਿਸਤਰੇ ਕੋਵਿਡ ਮਰੀਜ਼ਾਂ ਲਈ ਰੱਖਣੇ ਪੈਣਗੇ ਤੇ ਬਾਕੀ 20 ਫ਼ੀਸਦ ਬਿਸਤਰੇ ਦੂਜੇ ਮਰੀਜ਼ਾਂ ਲਈ ਵਰਤੇ ਜਾ ਸਕਦੇ ਹਨ। ਜੇ ਇਨ੍ਹਾਂ ਹਸਪਤਾਲਾਂ ’ਚ ਆਈਸੀਯੂ ਦੇ ਬਿਸਤਰੇ ਕਿਸੇ ਹੋਰ ਮਰੀਜ਼ ਨਾਲ ਭਰੇ ਹੋਏ ਹਨ ਤਾਂ ਉਨ੍ਹਾਂ ਮਰੀਜ਼ਾਂ ਤੋਂ ਕੱਟੇ ਜਾਣ ਤੋਂ ਬਾਅਦ ਉਹ ਕੋਵਿਡ ਬਿਸਤਰੇ ’ਚ ਸ਼ਾਮਲ ਹੋ ਜਾਣਗੇ। ਨਾਲ ਹੀ ਬਿਸਤਰੇ ਜੋ ਖਾਲੀ ਹਨ ਨੂੰ ਤੁਰੰਤ ਪ੍ਰਭਾਵ ਨਾਲ ਕੋਵਿਡ ਲਈ ਸੁਰੱਖਿਅਤ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਦੇ ਨਾਲ ਹੀ ਕੋਵਿਡ ਹਸਪਤਾਲਾਂ ਨੂੰ ਕੋਵਿਡ -19 ਦੇ ਬਿਸਤਰੇ ਨੂੰ 30 ਫੀਸਦ ਤੱਕ ਵਧਾਉਣ ਦੇ ਆਦੇਸ਼ ਦਿੱਤੇ ਹਨ। ਜੇ ਇਕ ਹਸਪਤਾਲ ‘ਚ 100 ਬਿਸਤਰੇ ਹਨ ਤਾਂ ਇਹ ਆਪਣੇ ਹਸਪਤਾਲ ‘ਚ ਵਧਾ ਕੇ 130 ਕਰ ਸਕਦਾ ਹੈ। ਕੋਈ ਵੀ ਜਿਸ ਕੋਲ 200 ਬੈੱਡ ਹਨ ਉਹ 260 ਕਰ ਸਕਦੇ ਹਨ ਤੇ ਜਿਨ੍ਹਾਂ ਕੋਲ 500 ਬੈੱਡ ਹਨ ਉਹ ਇਸ ਨੂੰ ਵਧਾ ਕੇ 650 ਕਰ ਸਕਦੇ ਹਨ। ਸ੍ਰੀ ਜੈਨ ਨੇ ਕਿਹਾ ਕਿ ਹਸਪਤਾਲਾਂ ‘ਚ ਕਾਫ਼ੀ ਗਿਣਤੀ ‘ਚ ਬਿਸਤਰੇ ਹਨ ਪਰ ਲੋਕ-ਹਿਤੈਸ਼ੀ ਹਸਪਤਾਲਾਂ ਵਿਚ ਆਈਸੀਯੂ ਬਿਸਤਰੇ ਦੀ ਘਾਟ ਹੈ, ਜਿਨ੍ਹਾਂ ਹਸਪਤਾਲਾਂ ਦੀ ਬਹੁਤ ਜ਼ਿਆਦਾ ਮੰਗ ਹੈ ਉਨ੍ਹਾਂ ਨੂੰ ਆਈਸੀਯੂ ਬਿਸਤਰੇ ਵਧਾਉਣ ਦੇ ਆਦੇਸ਼ ਦਿੱਤੇ ਗਏ ਹਨ।
ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਜਾਰੀ
ਦਿੱਲੀ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਰਫ਼ਤਾਰ ਮੱਠੀ ਨਹੀਂ ਹੋ ਰਹੀ ਤੇ ਬੀਤੇ 6 ਦਿਨਾਂ ਤੋਂ ਲਗਾਤਾਰ ਰੋਜ਼ਾਨਾ 4 ਹਜ਼ਾਰ ਤੋਂ ਵੱਧ ਮਰੀਜ਼ ਆ ਰਹੇ ਹਨ। 24 ਘੰਟਿਆਂ ਦੌਰਾਨ 4,235 ਮਰੀਜ਼ਾਂ ਦੀ ਪਛਾਣ ਹੋਈ ਤੇ 56,656 ਲੋਕਾਂ ਦੀ ਜਾਂਚ ਕੀਤੀ ਗਈ। ਪਾਜ਼ੇਟਿਵ ਦਰ 7.48% ਰਹੀ ਤੇ 3403 ਮਰੀਜ਼ ਠੀਕ ਹੋਏ। ਅੱਜ ਮ੍ਰਿਤਕਾਂ ਦੀ ਗਿਣਤੀ 29 ਰਹੀ ਤੇ ਬੀਤੇ ਦਸ ਦਿਨਾਂ ਦੇ ਡਾਟਾ ਮੁਤਾਬਕ ਦਿੱਲੀ ਅੰਦਰ ਮੌਤ ਦੀ ਦਰ 0.68 ਫ਼ੀਸਦ ਰਹੀ। ਕੁੱਲ ਮਰੀਜ਼ 218304 ਹੋ ਚੁੱਕੇ ਹਨ ਤੇ ਠੀਕ ਹੋਣ ਵਾਲੇ ਮਰੀਜ਼ 184748 ਹਨ। ਕੁੱਲ ਮੌਤਾਂ ਦੀ ਗਿਣਤੀ 4744 ਤਕ ਪੁੱਜ ਚੁੱਕੀ ਹੈ। ਸਰਗਰਮ ਮਰੀਜ਼ ਵੀ 28 ਹਜ਼ਾਰ ਤੋਂ ਪਾਰ ਹੋ ਗਏ ਹਨ। ਇਸ ਤੋਂ ਇਲਾਵ ਸੀਲ ਕੀਤੇ ਇਲਾਕਿਆਂ ਦੀ ਗਿਣਤੀ 1488 ਹੈ।
ਫਰੀਦਾਬਾਦ ਵਿੱਚ 298 ਮਰੀਜ਼ ਮਿਲੇ
ਫਰੀਦਾਬਾਦ (ਪੱਤਰ ਪ੍ਰੇਰਕ): ਜ਼ਿਲ੍ਹੇ ਅੰਦਰ ਕੋਰਨਾ ਦੇ 298 ਨਵੇਂ ਮਰੀਜ਼ ਸਾਹਮਣੇ ਆਏ ਹਨ ਜਦੋਂ ਕਿ 328 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਗਏ। ਹੁਣ ਤੱਕ 191 ਲੋਕਾਂ ਦੀ ਮੌਤ ਕੋਵਿਡ-19 ਦੀ ਲਾਗ ਕਾਰਨ ਹੋ ਚੁੱਕੀ ਹੈ। ਹੁਣ ਤੱਕ 165218 ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਜਿਸ ਵਿੱਚੋਂ 149088 ਦੀ ਰਿਪੋਰਟ ਨੈਗੇਟਿਵ ਆਈ ਹੈ। 49 ਮਰੀਜ਼ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਹਨ। ਜ਼ਿਲ੍ਹੇ ਅੰਦਰ ਕਰੋਨਾ ਦੇ ਮਰੀਜ਼ਾਂ ਦੇ ਦੁੱਗਣੇ ਹੋਣ ਦੀ ਦਰ 79.2 ਫ਼ੀਸਦ ਰਿਹਾ ਜਦੋਂ ਕਿ ਠੀਕ ਹੋਣ ਦੀ ਦਰ 87.9 ਫ਼ੀਸਦ ਰਹੀ। 1380 ਲੋਕ ਘਰਾਂ ਵਿੱਚ ਇਲਾਜ ਕਰਵਾ ਰਹੇ ਹਨ। 5 ਮਰੀਜ਼ ਆਈਸੀਯੂ ਵਿੱਚ ਹਨ।
ਕਰੋਨਾ ਕਾਰਨ ਬੈਂਡ ਬਾਜੇ ਵਾਲਿਆਂ ਦਾ ਕੰਮ ਠੱਪ
ਨਵੀਂ ਦਿੱਲੀ (ਪੱਤਰ ਪ੍ਰੇਰਕ) ਕਰੋਨਾ ਮਹਾਮਾਰੀ ਮਗਰੋਂ ਪਹਿਲਾਂ ਲੱਗੇ ਲੌਕਡਾਊਨ ਕਾਰਨ ਤੇ ਹੁਣ ਲੋਕਾਂ ਵੱਲੋਂ ਸਾਦੇ ਵਿਆਹ ਕਰਨ ਨੂੰ ਤਰਜੀਹ ਦੇਣ ਕਰ ਕੇ ਵਿਆਹਾਂ ਵਿੱਚ ਸ਼ਾਨੋ-ਸ਼ੌਕਤ ਨਾਲ ਬਜਾਏ ਜਾਣ ਵਾਲੇ ਬੈਂਡ- ਬਾਜੇ ਹੁਣ ਬੰਦ ਹੋ ਗਏ ਹਨ। ਕਰੋਨਾ ਸੰਕਟ ਕਾਰਨ ਬੈਂਡ ਬਾਜੇ ਵਾਲੇ ਬਹੁਤ ਪ੍ਰੇਸ਼ਾਨ ਹਨ ਕਿਉਂਕਿ ਵਿਆਹਾਂ ਵਿੱਚ ਲੋਕ ਸੀਮਿਤ ਜਾਂਦੇ ਹਨ। ਵਿਆਹ ਹੁਣ ਮੈਰਿਜ ਪੈਲਸਾਂ ਵਿੱਚ ਨਾ ਹੋ ਕੇ ਘਰਾਂ ਜਾਂ ਸਸਤੀਆਂ ਥਾਵਾਂ ਉਪਰ ਹੋਣ ਲੱਗੇ ਹਨ। ਲੋਕਾਂ ਵੱਲੋਂ ਘੋੜਾ ਗੱਡੀ, ਬੈਂਡ ਤੇ ਹੋਰ ਸਜ਼ਾਵਟ ਤੋਂ ਤੋਬਾ ਕੀਤੀ ਜਾ ਰਹੀ ਹੈ। ਵ ਦਿੱਲੀ ਦੇ ਮਸ਼ਹੂਰ ਸਤਿਕਾਰ ਕੈਟਰਸ ਦੇ ਮਾਲਕ ਤੇ ਆਲ ਇੰਡੀਆ ਟੈਂਟ ਡੀਲਰ ਵੈੱਲਫੇਅਰ ਆਗਨਾਈਜੇਸ਼ਨ ਦੇ ਕੌਮੀ ਜਨਰਲ ਸਕੱਤਰ ਕਰਤਾਰ ਸਿੰਘ ਕੋਛੜ ਨੇ ਦੱਸਿਆ ਕਿ ਦਿੱਲੀ ਵਿੱਚ ਕਰੋੜਾਂ ਰੁਪਏ ਦਾ ਕਰੋਬਾਰ ਪ੍ਰਭਾਵਿਤ ਹੋਇਆ ਹੈ।