ਨਵੀਂ ਦਿੱਲੀ: ਦਿੱਲੀ ਦੇ 33 ਪ੍ਰਾਈਵੇਟ ਹਸਪਤਾਲਾਂ ਵਿੱਚ 80ਫ਼ੀਸਦ ਆਈਸੀਯੂ ਬੈੱਡ ਫਿਰ ਤੋਂ ਕੋਵਿਡ -19 ਦੇ ਮਰੀਜ਼ਾਂ ਲਈ ਰਾਖਵੇਂ ਹੋਣਗੇ। ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ ਦੇ ਇਸ ਫੈਸਲੇ ‘ਤੇ ਲੱਗੀ ਰੋਕ ਹਟਾ ਦਿੱਤੀ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਰਾਜ ਵਿਚ ਕਰੋਨਾ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਹੋਰ ਆਈਸੀਯੂ ਬਿਸਤਰੇ ਦੀ ਫਿਰ ਤੋਂ ਜ਼ਰੂਰਤ ਹੈ। ਇਹ ਕਹਿੰਦੇ ਹੋਏ ਹਾਈ ਕੋਰਟ ਨੇ 12 ਸਤੰਬਰ ਦੇ ਆਪਣੇ ਆਦੇਸ਼ ਅਧੀਨ ਲਗਾਈ ਗਈ ਪਾਬੰਦੀ ਵਾਪਸ ਲੈ ਲਈ। ਦਿੱਲੀ ਸਰਕਾਰ ਨੇ ਕਿਹਾ ਕਿ ਬੁੱਧਵਾਰ ਨੂੰ ਵੀ 8593 ਨਵੇਂ ਮਰੀਜ਼ ਦਿਨ ਦੇ ਦੌਰਾਨ ਸਾਹਮਣੇ ਆਏ ਜੋ ਕਿ ਇੱਕ ਦਿਨ ਵਿੱਚ ਸਭ ਤੋਂ ਵੱਧ ਹੈ। ਇਸ ਸਮੇਂ ਦੌਰਾਨ 85 ਮਰੀਜ਼ਾਂ ਦੀ ਮੌਤ ਹੋ ਗਈ ਜਦੋਂ ਕਿ 7264 ਮਰੀਜ਼ ਠੀਕ ਹੋਏ। ਇਸ ਤੋਂ ਪਹਿਲਾਂ ਸੋਮਵਾਰ ਨੂੰ 7830 ਮਾਮਲੇ ਸਾਹਮਣੇ ਆਏ ਸਨ। ਦਿੱਲੀ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਟੈਸਟ ਕੀਤੇ ਜਾ ਰਹੇ ਹਨ। -ਪੱਤਰ ਪ੍ਰੇਰਕ