ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 26 ਦਸੰਬਰ
ਦਿੱਲੀ ’ਚ ਬੀਤੇ 24 ਘੰਟਿਆਂ ਦੌਰਾਨ ਕੋਵਿਡ-19 ਦੀ ਨਵੀਂ ਕਿਸਮ ਓਮੀਕਰੋਨ ਦੇ ਨਵੇਂ 79 ਮਰੀਜ਼ ਸਾਹਮਣੇ ਆਏ ਹਨ। ਐਤਵਾਰ ਨੂੰ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਹੁਣ ਤੱਕ ਸਾਹਮਣੇ ਆਏ 422 ਮਾਮਲਿਆਂ ਵਿੱਚੋਂ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 108, ਦਿੱਲੀ 79 ਤੇ ਗੁਜਰਾਤ ’ਚ 43 ਮਾਮਲੇ ਦਰਜ ਕੀਤੇ ਗਏ ਹਨ। ਦਿੱਲੀ ’ਚ 249 ਨਵੇਂ ਕਰੋਨਾਵਾਇਰਸ ਮਾਮਲੇ ਸਾਹਮਣੇ ਆਏ, ਜੋ ਕਿ ਪਿਛਲੇ ਦਿਨ ਨਾਲੋਂ 38 ਪ੍ਰਤੀਸ਼ਤ ਵੱਧ ਹੈ, ਜੋ ਕਿ ਛੇ ਮਹੀਨਿਆਂ ਵਿੱਚ ਸਭ ਤੋਂ ਵੱਧ ਮਾਮਲੇ ਹਨ। ਓਮੀਕਰੋਨ ਵੈਰੀਐਂਟ ਨੂੰ ਲੈ ਕੇ ਚਿੰਤਾ ਵੱਧ ਰਹੀ ਹੈ। ਦਿੱਲੀ ਸਰਕਾਰ ਦੇ ਸਿਹਤ ਬੁਲੇਟਿਨ ਅਨੁਸਾਰ ਦਿੱਲੀ ’ਚ ਹੁਣ ਤੱਕ 14,43,062 ਕੋਵਿਡ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ 934 ਸਰਗਰਮ ਕੇਸ ਸ਼ਾਮਲ ਹਨ। ਮਰਨ ਵਾਲਿਆਂ ਦੀ ਗਿਣਤੀ 25,104 ਹੋ ਗਈ ਹੈ। ਓਮੀਕਰੋਨ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਕੋਵਿਡ ਪਾਬੰਦੀਆਂ ਦੀ ਉਲੰਘਣਾ ਕਰਦੇ ਹੋਏ ਦਿੱਲੀ ਦੇ ਬਾਜ਼ਾਰਾਂ ’ਚ ਭਾਰੀ ਭੀੜ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਦਿੱਲੀ ’ਚ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੁੰਦੇ ਦੇਖੇ ਗਏ ਹਨ। ਲੋਕਾਂ ਵੱਲੋਂ ਸਮਾਜਿਕ ਦੂਰੀਆਂ ਤੇ ਹੋਰ ਕੋਵਿਡ ਪ੍ਰੋਟੋਕੋਲ ਦੀ ਸ਼ਰ੍ਹੇਆਮ ਉਲੰਘਣਾ ਕੀਤੀ ਜਾ ਰਹੀ ਹੈ। ਦਿੱਲੀ ਪ੍ਰਸ਼ਾਸਨ ‘ਕਲਰ ਕੋਡੇਡ ਐਕਸ਼ਨ ਪਲਾਨ’ ਨੂੰ ਲਾਗੂ ਕਰਨ ਲਈ ਤਿਆਰ ਹੈ। ਕਾਰਜ ਯੋਜਨਾ ਦੇ ਅਨੁਸਾਰ ਆਰਥਿਕ ਪਾਬੰਦੀਆਂ ਦੇ ਚਾਰ ਵੱਖ-ਵੱਖ ਪੱਧਰ ਹਨ, ਜੋ ਪਾਜ਼ੇਟਿਵ ਦਰ ਦੇ ਆਧਾਰ ’ਤੇ ਵੱਖ-ਵੱਖ ਪੱਧਰਾਂ ’ਤੇ ਲਾਗੂ ਹੋਣਗੇ। ਦਿੱਲੀ ਆਫ਼ਤ ਪ੍ਰਬੰਧਨ ਅਥਾਰਿਟੀ (ਡੀਡੀਐੱਮਏ) ਦੇ ਆਦੇਸ਼ ਜਾਰੀ ਹੁੰਦੇ ਹੀ ਉਪਾਅ ਲਾਗੂ ਕੀਤੇ ਜਾਣਗੇ। ਓਮੀਕਰੋਨ ਵੈਰੀਐਂਟ ਦੇ ਮਾਮਲਿਆਂ ਵਿੱਚ ਉਛਾਲ ਦੇ ਵਿਚਕਾਰ ਪਿਛਲੇ ਕੁਝ ਦਿਨਾਂ ਵਿੱਚ ਦਿੱਲੀ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਅੰਬੇਡਕਰ ਦੇ ਜੀਵਨ ’ਤੇ ਹੋਣ ਵਾਲੇ ਸਮਾਗਮ ਮੁਲਤਵੀ
ਕੋਵਿਡ ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ, ਦਿੱਲੀ ਸਰਕਾਰ ਨੇ 5 ਜਨਵਰੀ ਨੂੰ ਡਾ. ਬੀਆਰ ਅੰਬੇਡਕਰ ਦੇ ਜੀਵਨ ’ਤੇ ਹੋਣ ਵਾਲੇ ਸਮਾਗਮ ਨੂੰ ਮੁਲਤਵੀ ਕਰ ਦਿੱਤਾ ਹੈ। ਇਹ ਸਮਾਗਮ ਕੌਮੀ ਰਾਜਧਾਨੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ’ਚ ਕਰਵਾਇਆ ਜਾਣਾ ਸੀ। ਟਵਿੱਟਰ ’ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, ‘ਦਿੱਲੀ ਸਰਕਾਰ ਨੇ ਬਾਬਾ ਸਾਹਿਬ ਅੰਬੇਦਕਰ ਦੇ ਜੀਵਨ ’ਤੇ 5 ਜਨਵਰੀ ਤੋਂ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਇੱਕ ਸ਼ਾਨਦਾਰ ਪ੍ਰਦਰਸ਼ਨ ਦੀ ਯੋਜਨਾ ਬਣਾਈ ਸੀ। ਹਾਲਾਂਕਿ, ਇਸ ਸ਼ੋਅ ਨੂੰ ਵਧਦੇ ਕੋਵਿਡ ਮਾਮਲਿਆਂ ਦੇ ਮੱਦੇਨਜ਼ਰ ਮੁਲਤਵੀ ਕੀਤਾ ਜਾ ਰਿਹਾ ਹੈ। ਜਿਵੇਂ ਹੀ ਸਥਿਤੀ ਵਿੱਚ ਸੁਧਾਰ ਹੁੰਦਾ ਹੈ, ਅਸੀਂ ਇਸ ਦੀ ਨਵੀਂ ਤਾਰੀਕ ਐਲਾਨ ਕਰਾਂਗੇ।’ ਦਿੱਲੀ ਸਰਕਾਰ ਨੇ ਡਾ. ਬੀ.ਆਰ. ਅੰਬੇਦਕਰ ਦੇ ਜੀਵਨ ’ਤੇ ਸੰਗੀਤਮਈ ਨਾਟਕਾਂ ਦੀ ਯੋਜਨਾ ਬਣਾਈ ਸੀ। 5 ਜਨਵਰੀ, 2022 ਤੋਂ ਕੁੱਲ 50 ਸ਼ੋਅ ਦੀ ਯੋਜਨਾ ਬਣਾਈ ਗਈ ਸੀ।
ਦਿੱਲੀ ਦੀਆਂ ਤਿੰਨ ਜੇਲ੍ਹਾਂ ਵਿੱਚ ਟੀਕਾਕਰਨ
ਦਿੱਲੀ ਦੀਆਂ ਤਿੰਨ ਜੇਲ੍ਹਾਂ ਦੇ ਕੈਦੀਆਂ ਨੂੰ ਹੁਣ ਤੱਕ 21,900 ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਅਧਿਕਾਰੀਆਂ ਮੁਤਾਬਕ 25 ਦਸੰਬਰ ਤੱਕ 21,970 ਡੋਜ਼ਾਂ, 15,152 ਪਹਿਲੀ ਤੇ 6,818 ਦੂਜੀ ਖੁਰਾਕ ਦਿੱਤੀ ਗਈ ਹੈ। ਸ਼ਨਿਚਰਵਾਰ ਤੱਕ 10,707 ਨੂੰ ਪਹਿਲੀ ਖੁਰਾਕ ਦਿੱਤੀ ਗਈ। ਦਿੱਲੀ ਜੇਲ੍ਹ ਵਿਭਾਗ ਤਿਹਾੜ ਜੇਲ੍ਹ ਦੇ 4,352 ਕੈਦੀਆਂ ਨੂੰ ਕੋਵਿਡ ਵੈਕਸੀਨ ਦੀ ਦੂਜੀ ਖੁਰਾਕ ਦਿੱਤੀ ਗਈ। ਜੇਲ੍ਹ ਵਿਭਾਗ ਨੇ 18 ਮਾਰਚ ਨੂੰ 45 ਸਾਲ ਤੋਂ ਵੱਧ ਉਮਰ ਦੇ ਕੈਦੀਆਂ ਲਈ ਕੋਵਿਡ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ, ਜਦੋਂ ਕਿ 18-44 ਸਾਲ ਦੀ ਉਮਰ ਦੇ ਕੈਦੀਆਂ ਨੂੰ ਟੀਕਾਕਰਨ 18 ਮਈ ਨੂੰ ਸ਼ੁਰੂ ਹੋਇਆ ਸੀ।