ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 12 ਮਾਰਚ
ਉੱਤਰ-ਪੂਰਬੀ ਦਿੱਲੀ ਦੇ ਗੋਕੁਲਪੁਰੀ ਇਲਾਕੇ ਦੀਆਂ ਝੁੱਗੀ-ਝੌਂਪੜੀਆਂ ਵਿਚ ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਾਲਗ ਮ੍ਰਿਤਕਾਂ ਦੇ ਵਾਰਸਾਂ ਨੂੰ 10 ਲੱਖ ਰੁਪਏ, ਨਾਬਾਲਗ ਮ੍ਰਿਤਕਾਂ ਦੇ ਮਾਮਲੇ ’ਚ 5 ਲੱਖ ਰੁਪਏ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ 25,000 ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ਕੇਜਰੀਵਾਲ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ। ਸ਼ਨਿਚਰਵਾਰ ਤੜਕੇ ਲੱਗੀ ਅੱਗ ’ਚ ਕਈ ਲੋਕ ਜ਼ਖਮੀ ਹੋ ਗਏ ਤੇ 60 ਝੱੁਗੀਆਂ ਸੜ ਕੇ ਸੁਆਹ ਹੋ ਗਈਆਂ।
ਉਨ੍ਹਾਂ ਦੱਸਿਆ ਕਿ ਸਵੇਰ ਵੇਲੇ ਲੱਗੀ ਅੱਗ ਕਾਰਨ ਗਰੀਬ ਲੋਕਾਂ ਦਾ ਕਾਫੀ ਨੁਕਸਾਨ ਹੋਇਆ। ਕੇਜਰੀਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਦੀ ਪੂਰੀ ਮਦਦ ਕੀਤੀ ਜਾਵੇਗੀ। ਉਨ੍ਹਾਂ ਨੇ ਮੁਆਵਜ਼ਾ ਜਲਦੀ ਜਾਰੀ ਕਰਨ ਦੇ ਹੁਕਮ ਦੇ ਦਿੱਤੇ ਹਨ ਤੇ ਉਮੀਦ ਹੈ ਕਿ ਮੁਆਵਜ਼ਾ ਰਾਸ਼ੀ ਇੱਕ-ਦੋ ਦਿਨਾਂ ਵਿੱਚ ਜਾਰੀ ਕਰ ਦਿੱਤੀ ਜਾਵੇਗੀ। ਮੁੱਖ ਮੰਤਰੀ ਦੀ ਫੇਰੀ ਦੌਰਾਨ ਲੋਕਾਂ ਨੇ ਦਿੱਲੀ ਸਰਕਾਰ ਦੇ ਹੱਕ ਵਿੱਚ ਵੀ ਨਾਅਰੇ ਲਾਏ। ਦਿੱਲੀ ਫਾਇਰ ਸਰਵਿਸਿਜ਼ ਦੇ ਸੀਨੀਅਰ ਅਧਿਕਾਰੀ ਮੁਤਾਬਕ ਗੋਕੁਲਪੁਰੀ ਪਿੰਡ ਦੇ ਪਿੱਲਰ ਨੰਬਰ 12 ਨੇੜੇ ਸਵੇਰੇ 1.03 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਉਨ੍ਹਾਂ ਦੱਸਿਆ ਕਿ ਅੱਗ ਬੁਝਾਊ ਦਸਤੇ ਦੀਆਂ 13 ਗੱਡੀਆਂ ਮੌਕੇ ‘ਤੇ ਪਹੁੰਚੀਆਂ ਸਨ, ਜਿਨ੍ਹਾਂ ਨੇ ਸਵੇਰੇ 4 ਵਜੇ ਦੇ ਕਰੀਬ ਅੱਗ ‘ਤੇ ਕਾਬੂ ਪਾ ਲਿਆ। ਅਧਿਕਾਰੀ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਸੱਤ ਸੜੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਕੇਜਰੀਵਾਲ ਨੇ ਸਵੇਰੇ ਟਵੀਟ ਵਿੱਚ ਦੁੱਖ ਪ੍ਰਗਟਾਇਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਰਾਜਧਾਨੀ ਦੇ ਗੋਕੁਲਪੁਰੀ ‘ਚ ਅੱਗ ਲੱਗਣ ਕਾਰਨ ਹੋਈਆਂ ਮੌਤਾਂ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੱਕ ਟਵੀਟ ਵਿੱਚ ਮੋਦੀ ਨੇ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਇਸ ਘਟਨਾ ਨੂੰ ਦਿਲ ਦਹਿਲਾ ਦੇਣ ਵਾਲੀ ਘਟਨਾ ਦੱਸਿਆ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿਚਰਵਾਰ ਤੜਕੇ ਉੱਤਰ-ਪੂਰਬੀ ਦਿੱਲੀ ਦੇ ਗੋਕਲਪੁਰੀ ਖੇਤਰ ਵਿੱਚ ਝੁੱਗੀਆਂ ਵਿੱਚ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ। ਇਸ ਕਾਰਨ ਵੱਡੀ ਗਿਣਤੀ ਲੋਕ ਬੇਘਰ ਹੋ ਗਏ ਹਨ।
ਫਾਇਰ ਤੇ ਪੁਲੀਸ ਵਿਭਾਗ ਦੀ ਜਵਾਬਦੇਹੀ ਤੈਅ ਕਰੇ ਕੇਜਰੀਵਾਲ ਸਰਕਾਰ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਗੋਕੁਲਪੁਰੀ ਝੁੱਗੀ ਝੌਂਪੜੀ ਬਸਤੀ ਵਿੱਚ ਅੱਗ ਲੱਗਣ ਤੋਂ ਬਾਅਦ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਬਰਬਾਦ ਤੇ ਬੇਘਰ ਹੋ ਗਏ। ਉਨ੍ਹਾਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਜਿੱਥੇ ਝੁੱਗੀ, ਉੱਥੇ ਮਕਾਨ ਦਾ ਨਾਅਰਾ ਖੋਖਲਾ ਸਾਬਤ ਹੋਇਆ ਹੈ। ਸੂਬਾ ਪ੍ਰਧਾਨ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਇੰਨੇ ਵੱਡੇ ਹਾਦਸੇ ਤੋਂ ਬਾਅਦ ਅਰਵਿੰਦ ਕੇਜਰੀਵਾਲ ਕਾਂਗਰਸੀ ਆਗੂਆਂ ਦੇ ਦੌਰੇ ਤੋਂ ਬਾਅਦ ਰਸਮੀ ਕਾਰਵਾਈਆਂ ਪੂਰੀਆਂ ਕਰਨ ਲਈ ਮੌਕੇ ‘ਤੇ ਪੁੱਜੇ ਜਦਕਿ ਉਨ੍ਹਾਂ ਦੀ ਪਾਰਟੀ ਜਿੱਤ ਦਾ ਜਸ਼ਨ ਮਨਾ ਰਹੀ ਹੈ। ਪ੍ਰਧਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕਾਂ ਦੇ ਪਰਿਵਾਰਾਂ, ਪੀੜਤਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤੇ ਪੀੜਤ ਲੋਕਾਂ ਦੇ ਮੁੜ ਵਸੇਬੇ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅੱਗ ‘ਤੇ ਕਾਬੂ ਪਾਉਣ ‘ਚ ਫਾਇਰ ਬ੍ਰਿਗੇਡ ਅਤੇ ਪੁਲੀਸ ਦੀ ਕਾਫੀ ਲਾਪਰਵਾਹੀ ਰਹੀ ਕਿਉਂਕਿ ਰਾਤ ਨੂੰ 12 ਵਜੇ ਕਾਲ ਕੀਤੀ ਗਈ ਸੀ ਪਰ ਫਾਇਰ ਬ੍ਰਿਗੇਡ 2 ਵਜੇ ਪਹੁੰਚੀ। ਉਨ੍ਹਾਂ ਕਿਹਾ ਕਿ ਗਰੀਬਾਂ ਕੋਲ ਭਾਂਡਿਆਂ ਅਤੇ ਕੱਪੜਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਅਤੇ ਉਹ ਵੀ ਅੱਗ ਵਿਚ ਸੜ ਕੇ ਸਭ ਕੁਝ ਬਰਬਾਦ ਹੋ ਗਿਆ ਹੈ।