ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਨਵੰਬਰ
ਇਥੇ ਨਵੰਬਰ ਮਹੀਨੇ ’ਚ ਡੇਂਗੂ ਦੇ ਕਰੀਬ 5,600 ਨਵੇਂ ਮਾਮਲੇ ਦਰਜ ਹੋਣ ਤੋਂ ਬਾਅਦ ਨਵੀਂ ਦਿੱਲੀ ’ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 7,100 ਤੱਕ ਪਹੁੰਚ ਗਈ ਹੈ। ਇਸ ਤਰ੍ਹਾਂ ਕੌਮੀ ਰਾਜਧਾਨੀ ਵਿੱਚ 2015 ਤੋਂ ਬਾਅਦ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ। ਸੋਮਵਾਰ ਨੂੰ ਜਾਰੀ ਰਿਪੋਰਟ ਅਨੁਸਾਰ ਪਿਛਲੇ ਹਫ਼ਤੇ ਦਿੱਲੀ ਵਿੱਚ ਜ਼ੀਰੋ ਮੌਤ ਦੇ ਨਾਲ ਡੇਂਗੂ ਦੇ ਲਗਪੱਗ 1,850 ਨਵੇਂ ਕੇਸ ਦਰਜ ਕੀਤੇ ਗਏ ਸਨ। ਨਵੰਬਰ ਵਿੱਚ 5,591 ਕੇਸ ਦਰਜ ਕੀਤੇ ਗਏ ਜੋ ਇਸ ਸਾਲ ਇੱਕ ਮਹੀਨੇ ਵਿੱਚ ਦਰਜ ਕੀਤੇ ਗਏ ਕੇਸਾਂ ਦੀ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਹੈ। ਇਹ ਘੱਟੋ-ਘੱਟ ਛੇ ਸਾਲਾਂ ਵਿੱਚ ਇਸ ਮਹੀਨੇ ਲਈ ਸਭ ਤੋਂ ਵੱਧ ਗਿਣਤੀ ਵੀ ਹੈ। ਰਿਪੋਰਟਾਂ ਅਨੁਸਾਰ ਪਿਛਲੇ ਸਾਲਾਂ ਵਿੱਚ ਦਰਜ ਕੀਤੇ ਗਏ ਡੇਂਗੂ ਦੇ ਕੁੱਲ ਕੇਸ 4,431 (2016), 4,726 (2017), 2,798 (2018), 2,036 (2019) ਅਤੇ 1,072 (2020) ਹਨ। 2015 ਵਿੱਚ ਅਕਤੂਬਰ ਵਿੱਚ ਕੁੱਲ 10,600 ਨਵੇਂ ਕੇਸ ਸਨ। ਇਸ ਤਰ੍ਹਾਂ 1996 ਤੋਂ ਬਾਅਦ ਦਿੱਲੀ ਵਿੱਚ ਡੇਂਗੂ ਦਾ ਸਭ ਤੋਂ ਭਿਆਨਕ ਪ੍ਰਕੋਪ ਬਣ ਗਿਆ। ਅਕਤੂਬਰ ਵਿੱਚ ਡੇਂਗੂ ਦੇ 1,196 ਮਾਮਲੇ ਸਾਹਮਣੇ ਆਏ ਜੋ ਚਾਰ ਮਹੀਨਿਆਂ ਵਿੱਚ ਸਭ ਤੋਂ ਵੱਧ ਹੈ। ਇਸ ਸਾਲ 6 ਨਵੰਬਰ ਤੱਕ ਕੁੱਲ ਕੇਸਾਂ ਦੀ ਗਿਣਤੀ 2,708 ਹੋ ਗਈ ਸੀ ਜਿਸ ਵਿੱਚ ਨੌਂ ਮੌਤਾਂ ਹੋਈਆਂ ਸਨ, ਜਿਨ੍ਹਾਂ ਵਿੱਚ ਇੱਕ ਤਿੰਨ ਸਾਲਾ ਲੜਕੀ, ਇੱਕ ਨਾਬਾਲਗ ਲੜਕਾ ਤੇ ਰੋਹਿਣੀ ਨਿਵਾਸੀ ਇੱਕ 63 ਸਾਲਾ ਪੁਰਸ਼ ਸ਼ਾਮਲ ਸਨ। ਅੰਕੜਿਆਂ ਅਨੁਸਾਰ, ਡੇਂਗੂ ਕਾਰਨ (2019 ਵਿੱਚ) ਦੋ ਰਹੀਆਂ; ਚਾਰ (2018); 10 (2017); ਤੇ 10 (2016) ਹੋਈਆਂ ਮੌਤਾਂ। ਦਿੱਲੀ ਵਿੱਚ ਡੇਂਗੂ ਦੇ ਜਨਵਰੀ (0), ਫਰਵਰੀ (2), ਮਾਰਚ (5), ਅਪ੍ਰੈਲ (10) ਅਤੇ ਮਈ (12), ਜੂਨ (7), ਜੁਲਾਈ (16) ਅਤੇ ਅਗਸਤ (72) ਮਹੀਨਾਵਾਰ ਮਾਮਲੇ ਹਨ।