ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਫਰਵਰੀ
ਕੇਂਦਰੀ ਮੰਤਰੀ ਨਿਤਿਆਨੰਦ ਰਾਏ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ ਦੇ ਥਾਣਿਆਂ ਵਿੱਚ ਸਿਪਾਹੀਆਂ ਦੀਆਂ 5,500 ਤੋਂ ਵੱਧ ਅਸਾਮੀਆਂ ਖਾਲੀ ਹਨ। ਰਾਏ ਨੇ ਰਾਜ ਸਭਾ ਵਿੱਚ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿੱਚ 224 ਪੁਲੀਸ ਸਟੇਸ਼ਨ ਹਨ ਜਿਨ੍ਹਾਂ ਵਿੱਚ 21,244 ਸਿਪਾਹੀਆਂ ਦੀ ਪ੍ਰਵਾਨਿਤ ਗਿਣਤੀ ਹੈ। ਇੱਕ ਲਿਖਤੀ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪੁਲੀਸ ਕਾਂਸਟੇਬਲਾਂ ਲਈ ਪ੍ਰਵਾਨਿਤ ਗਿਣਤੀ ਵਿੱਚੋਂ 5,543 ਅਸਾਮੀਆਂ ਇਸ ਵੇਲੇ ਖਾਲੀ ਹਨ। ਮੰਤਰੀ ਨੇ ਕਿਹਾ ਕਿ ਇਹ ਅਸਾਮੀਆਂ ਸੇਵਾਮੁਕਤੀ ਸਮੇਤ ਕਈ ਕਾਰਨਾਂ ਕਰਕੇ ਪੈਦਾ ਹੋਈਆਂ ਹਨ। ਉਨ੍ਹਾਂ ਕਿਹਾ ਕਿ ਨਵੀਆਂ ਅਸਾਮੀਆਂ ਦੀ ਸਿਰਜਣਾ ਇੱਕ ਗਤੀਸ਼ੀਲ ਪ੍ਰਕਿਰਿਆ ਹੈ ਅਤੇ ਇਸ ਅਨੁਸਾਰ ਖਾਲੀ ਅਸਾਮੀਆਂ ਨੂੰ ਭਰਨਾ ਵੀ ਇੱਕ ਨਿਰੰਤਰ ਪ੍ਰਕਿਰਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਪੁਲੀਸ ਨੇ ਖਾਲੀ ਅਸਾਮੀਆਂ ਨੂੰ ਭਰਨ ਲਈ ਪਹਿਲਾਂ ਹੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਚੇਤੇ ਰਹੇ ਦਿੱਲੀ ਪੁਲੀਸ ਕੇਂਦਰ ਸਰਕਾਰ ਅਧੀਨ ਸਿੱਧੇ ਆਉਂਦੀ ਹੈ ਤੇ ਕੌਮੀ ਰਾਜਧਾਨੀ ਹੋਣ ਕਰਕੇ ਇਸ ਰਾਜ ਦੀ ਪੁਲੀਸ ਦੇ ਜਵਾਨਾਂ ਨੂੰ ਅਹਿਮ ਵਿਅਕਤੀਆਂ ਦੀ ਸੁਰੱਖਿਆ ਤੇ ਆਏ ਦਿਨ ਹੁੰਦੇ ਕੌਮਾਂਤਰੀ ਤੇ ਕੌਮੀ ਸਮਾਗਮਾਂ ਦੀ ਸੁਰੱਖਿਆ ਦਾ ਜ਼ਿੰਮਾ ਵੀ ਸਾਂਭਣਾ ਪੈਂਦਾ ਹੈ। ਦਿੱਲੀ ਵਿੱਚ ਬੀਤੇ ਸਾਲਾਂ ਦੌਰਾਨ ਅਪਰਾਧ ਖਾਸ ਕਰਕੇ ਔਰਤਾਂ ਪ੍ਰਤੀ ਅਪਰਾਧਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ।