ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਜੂਨ
ਬੀਤੀ ਦੇਰ ਰਾਤ ਦਿੱਲੀ ਦੇ ਮਦਨਪੁਰ ਦਰਿਆ ਕੰਢੇ (ਖਾਦਰ) ਵਿੱਚ ਬਣਾਈਆਂ ਗਈਆਂ ਰੋਹਿੰਗੀਆ ਪਰਿਵਾਰਾਂ ਦੀਆਂ 53 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਇੱਥੇ ਕਰੀਬ 250 ਪਰਿਵਾਰ ਰਹਿੰਦੇ ਸਨ। ਇਹ ਦੂਜੀ ਵਾਰ ਹੋਇਆ ਹੈ ਕਿ ਇੱਥੇ ਕੱਚੀਆਂ ਝੁੱਗੀਆਂ ਨੂੰ ਅੱਗ ਲੱਗੀ ਹੈ। ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਦੱਖਣ-ਪੂਰਬੀ ਦਿੱਲੀ ਦੇ ਕਾਲੰਦੀ ਕੁੰਜ ਮੈਟਰੋ ਸਟੇਸ਼ਨ ਨੇੜੇ ਰੋਹਿੰਗਿਆ ਪਰਿਵਾਰਾਂ ਦਾ ਸ਼ਰਨਾਰਥੀ ਕੈਂਪ ਬਣਿਆ ਹੋਇਆ ਹੈ ਜਿੱਥੇ ਰਾਤ ਨੂੰ ਇਹ ਅੱਗ ਲੱਗੀ। ਪੁਲੀਸ ਮੁਤਾਬਕ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਅਧਿਕਾਰੀਆਂ ਮੁਤਾਬਕ ਸੂਚਨਾ ਮਿਲਦੇ ਹੀ 11 ਅੱਗ ਬੁਝਾਊ ਇੰਜਣ ਮੌਕੇ ਉਪਰ ਭੇਜੇ ਗਏ ਤੇ ਤੜਕੇ 3 ਵਜੇ ਅੱਗ ’ਤੇ ਕਾਬੂ ਪਾਇਆ ਗਿਆ। ਡੀਸੀਪੀ ਆਰਪੀ ਮੀਨਾ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਸੀ ਤੇ ਢੁੱਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੱਕ ਪਰਿਵਾਰ ਵੱਲੋਂ ਆਪਣੀ ਧੀ ਦਾ ਵਿਆਹ ਤੈਅ ਕੀਤਾ ਹੋਇਆ ਸੀ ਤੇ ਉਸ ਨੂੰ ਦੇਣ ਲਈ ਤਿਆਰ ਕੀਤੇ ਕੱਪੜੇ ਗਹਿਣੇ ਤੇ ਹੋਰ ਸਾਮਾਨ ਇਸ ਅੱਗ ਵਿੱਚ ਸੜ ਗਿਆ। ਜ਼ਿਕਰਯੋਗ ਹੈ ਕਿ ਰੋਹਿੰਗਿਆ ਪਰਿਵਾਰ ਕਰੀਬ 9 ਸਾਲਾਂ ਤੋਂ ਇੱਥੇ ਮਾੜੇ ਹਾਲਾਤਾਂ ਵਿੱਚ ਰਹਿਣ ਲਈ ਮਜਬੂਰ ਹਨ ਤੇ ਇਹ ਜ਼ਮੀਨ ਖਾਲੀ ਕਰਵਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਹਨ। ਕੱੁਝ ਸਾਲ ਪਹਿਲਾਂ ਵੀ ਇੱਥੇ ਅੱਗ ਲੱਗੀ ਸੀ।