ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਕਤੂਬਰ
ਦਿੱਲੀ ਪੁਲੀਸ ਨੇ ਆਪਣੀ ਸਾਥੀ ਦੀ ਮੌਤ ਤੋਂ ਭੜਕੇ 53 ਨਾਇਜ਼ੀਰੀਆ ਦੇ ਨਾਗਰਿਕਾਂ ਨੂੰ ਭੰਨ-ਤੋੜ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਵਿਦੇਸ਼ੀ ਨਾਗਰਿਕਾਂ ਦੀ ਇੱਕ ਗੁੱਸੇ ਭਰੀ ਭੀੜ ਨੇ ਦੁਆਰਕਾ ਜ਼ਿਲ੍ਹੇ ਦੇ ਮੋਹਨ ਗਾਰਡਨ ਪੁਲੀਸ ਸਟੇਸ਼ਨ ’ਤੇ ਹਮਲਾ ਕਰ ਦਿੱਤਾ। ਇਹ ਘਟਨਾ ਉਦੋਂ ਵਾਪਰੀ ਜਦੋਂ ਇੱਕ ਨਾਇਜ਼ੀਰੀਅਨ ਨਾਗਰਿਕ ਨੂੰ ਸਥਾਨਕ ਹਸਪਤਾਲ ਵਿੱਚ ਮ੍ਰਿਤਕ ਲਿਆਂਦਾ ਗਿਆ। ਇਸ ਦੌਰਾਨ ਜਿਹੜੇ ਵਿਦੇਸ਼ੀ ਨਾਗਰਿਕ ਲਾਸ਼ ਲੈ ਕੇ ਆਏ ਸਨ, ਉਨ੍ਹਾਂ ਨੇ ਹਸਪਤਾਲ ਸਟਾਫ ‘ਤੇ ਲਾਪਰਵਾਹੀ ਦਾ ਦੋਸ਼ ਲਾਇਆ। ਹਾਲਾਂਕਿ ਹਸਪਤਾਲ ਨੇ ਦੋਸ਼ਾਂ ਤੋਂ ਨਕਾਰ ਦਿੱਤਾ ਹੈ ਤੇ ਕਿਹਾ ਕਿ ਨਾਇਜ਼ੀਰੀਆ ਦੇ ਨਾਗਰਿਕ ਨੂੰ ਹਸਪਤਾਲ ਵਿੱਚ ਮ੍ਰਿਤਕ ਹਾਲਤ ’ਚ ਲਿਆਂਦਾ ਗਿਆ ਸੀ। ਇਸ ਮਗਰੋਂ ਆਪਣੇ ਸਾਥੀ ਦੀ ਮੌਤ ਤੋਂ ਨਾਰਾਜ਼ ਲੋਕਾਂ ਨੇ ਫਿਰ ਡਾਕਟਰੀ ਜਾਂਚ ਦੀ ਪੁਲੀਸ ਰੁਟੀਨ ਪ੍ਰਕਿਰਿਆ ‘ਤੇ ਇਤਰਾਜ਼ ਜਤਾਇਆ ਤੇ ਉਥੇ ਮੌਜੂਦ ਅਧਿਕਾਰੀਆਂ ਨਾਲ ਜ਼ੁਬਾਨੀ ਝਗੜਾ ਕੀਤਾ। ਸੂਤਰਾਂ ਮੁਤਾਬਿਕ ਇਸ ਤੋਂ ਤੁਰੰਤ ਬਾਅਦ ਲਗਭਗ 50-100 ਵਿਦੇਸ਼ੀ ਨਾਗਰਿਕ ਮੋਹਨ ਗਾਰਡਨ ਪੁਲੀਸ ਸਟੇਸ਼ਨ ਦੇ ਬਾਹਰ ਇਕੱਠੇ ਹੋਏ ਅਤੇ ਭੰਨਤੋੜ ਸ਼ੁਰੂ ਕਰ ਦਿੱਤੀ। ਘਟਨਾ ਵਿੱਚ ਏਐੱਸਆਈ ਸਮੇਤ ਤਿੰਨ ਪੁਲੀਸ ਕਰਮਚਾਰੀ ਜ਼ਖਮੀ ਹੋ ਗਏ। ਇਸ ਦੌਰਾਨ ਪੁਲੀਸ ਨੇ ਕਾਰਵਾਈ ਕਰਦਿਆਂ ਘਟਨਾ ਸਮੇਂ ਅੱਠ ਲੋਕਾਂ ਨੂੰ ਉੱਥੇ ਹੀ ਗ੍ਰਿਫਤਾਰ ਕੀਤਾ। ਇਸ ਤੋਂ ਬਾਅਦ ਜਿਹੜੇ ਲੋਕ ਭੱਜਣ ਵਿੱਚ ਕਾਮਯਾਬ ਹੋ ਗਏ ਸਨ, ਪੁਲੀਸ ਨੇ ਉਨ੍ਹਾਂ ਦੀ ਭਾਲ ਕਰਦਿਆਂ 53 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ। ਇਸ ਮਗਰੋਂ ਪੁਲੀਸ ਨੇ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਉਨ੍ਹਾਂ ਨੂੰ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ।