ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਸਤੰਬਰ
ਦਿੱਲੀ ਦੇ ਟਿਕਰੀ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਨੌਜਵਾਨ ਆਗੂ ਬਿੱਟੂ ਮੱਲ੍ਹਣ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਰਤੀ ਲੋਕ ਕਰਜ਼ੇ ਖ਼ੁਦਕੁਸ਼ੀਆਂ ਤੇ ਬਿਮਾਰੀਆਂ ਨਾਲ ਜੂਝ ਰਹੇ ਹਨ ਪਰ ਦੇਸ਼ ਦੇ ਹਾਕਮ ਇਨ੍ਹਾਂ ਲੋਕਾਂ ਦੀ ਸਾਰ ਲੈਣ ਦੀ ਬਜਾਇ ਸਰਮਾਏਦਾਰਾਂ ਦਾ ਅਤੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੇ ਹਨ। ਉਨ੍ਹਾਂ ਦੇ ਹਜ਼ਾਰਾਂ ਕਰੋੜਾਂ ਚੁੱਪ-ਚੁਪੀਤੇ ਮੁਆਫ਼ ਕਰ ਦਿੰਦੇ ਹਨ ਅਤੇ ਜੇ ਮਾੜੀ ਮੋਟੀ ਸਹੂਲਤ ਕਿਰਤੀ ਲੋਕਾਂ ਨੂੰ ਦਿੰਦੇ ਵੀ ਹਨ ਤਾਂ ਉਸ ਦਾ ਢਿੰਡੋਰਾ ਪਿੱਟ ਕੇ ਬਹੁਤ ਵੱਡਾ ਪੇਸ਼ ਜਾਂਦਾ ਹੈ ਜੋ ਕਿ ਸਿਰਫ਼ ਵੋਟ ਬਟੋਰਨ ਲਈ ਹੀ ਕੀਤਾ ਜਾਂਦਾ ਹੈ।
ਨੌਜਵਾਨ ਆਗੂ ਯੁਵਰਾਜ ਸਿੰਘ ਘੁਡਾਣੀ ਕਲਾਂ ਨੇ ਖੁੱਲ੍ਹੀ ਮੰਡੀ ਦੀ ਨੀਤੀ ’ਤੇ ਗੱਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਖੁੱਲ੍ਹੀ ਮੰਡੀ ਦੀ ਨੀਤੀ ਲਿਆ ਕੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਰਕਾਰ ਨੇ ਕਿਸਾਨਾਂ ਨੂੰ ਆਜ਼ਾਦ ਕਰ ਦਿੱਤਾ ਹੈ ਕਿ ਉਹ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਜਾ ਕੇ ਆਪਣੀ ਫ਼ਸਲ ਵੇਚ ਸਕਦੇ ਹਨ ਪਰ ਸਭ ਨੂੰ ਇਸ ਗੱਲ ਦਾ ਪਤਾ ਹੈ ਕਿ ਸਰਕਾਰ ਇਸ ਨੀਤੀ ਰਾਹੀਂ ਕਾਰਪੋਰੇਟਾਂ ਲਈ ਲੁੱਟ ਦਾ ਰਾਹ ਹੋਰ ਪੱਧਰਾ ਕਰ ਰਹੀ ਹੈ। ਇਸ ਨਾਲ ਕਾਰਪੋਰੇਟ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਜਾ ਕੇ ਕਿਸਾਨਾਂ ਦੀ ਫ਼ਸਲ ਦੀ ਲੁੱਟ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਕੋਲ ਤਾਂ ਸਭ ਤੋਂ ਨੇੜਲੀ ਮੰਡੀ ਜੋਗੇ ਹੀ ਸਾਧਨ ਹਨ। ਬਹੁਤੇ ਕਿਸਾਨ ਤਾਂ ਇੱਥੇ ਵੀ ਕਿਰਾਏ ’ਤੇ ਸਾਧਨ ਲੈ ਕੇ ਜਾਂਦੇ ਹਨ ਤੇ ਕਿਸਾਨ ਆਪਣੀ ਥੋੜ੍ਹੀ ਜਿਹੀ ਫ਼ਸਲ ਦੂਰ ਲਿਜਾ ਕੇ ਵੇਚ ਹੀ ਨਹੀਂ ਸਕਦਾ। ਇਸ ਕਰ ਕੇ ਸਰਕਾਰੀ ਮੰਡੀ ਦੇ ਬਰਾਬਰ ਪ੍ਰਾਈਵੇਟ ਮੰਡੀ ਖੋਲ੍ਹ ਕੇ ਸਰਕਾਰੀ ਮੰਡੀ ਦਾ ਭੋਗ ਪਾ ਕੇ ਕੁੱਲ ਖ਼ਰੀਦੋ-ਫ਼ਰੋਖਤ ਦਾ ਤਾਣਾ-ਬਾਣਾ ਕਾਰਪੋਰੇਟ ਸੈਕਟਰ ਦੇ ਹੱਥਾਂ ਵਿਚ ਦੇਣ ਲਈ ਇਹ ਕਾਨੂੰਨ ਤਿਆਰ ਕੀਤੇ ਗਏ ਹਨ।
ਜਸਵਿੰਦਰ ਕੌਰ ਬਰਾਸ ਤੇ ਜਸਵੰਤ ਸਿੰਘ ਤੋਲੇਵਾਲ ਨੇ ਜਥੇਬੰਦੀ ਦੀਆਂ ਪ੍ਰਾਪਤੀਆਂ ਦੱਸਦਿਆਂ ਕਿਹਾ ਕਿ ਜਥੇਬੰਦੀ ਵਲੋਂ ਕਿਸਾਨਾਂ-ਮਜ਼ਦੂਰਾਂ ਦੇ ਸੰਘਰਸ਼ ਦੇ ਜ਼ੋਰ ਧੌਲਾ, ਛੰਨਾ ਤੇ ਸੰਘੇੜਾ ਦੀ ਜ਼ਮੀਨ ਦੇ ਭਾਅ ਵਿੱਚ ਵਾਧਾ ਕਿਸਾਨਾਂ ਨੂੰ ਦਿਵਾਇਆ ਗਿਆ। ਗੋਬਿੰਦਪੁਰੇ ਦੀ ਇੱਕ ਸੌ ਛਿਆਸੀ ਏਕੜ ਜ਼ਮੀਨ ਮੋੜ ਕੇ ਕਿਸਾਨਾਂ ਦੇ ਨਾਂ ਕਰਵਾਈ ਅਤੇ ਮਜ਼ਦੂਰਾਂ ਨੂੰ ਤਿੰਨ ਲੱਖ ਪ੍ਰਤੀ ਪਰਿਵਾਰ ਉਜਾੜਾ ਭੱਤਾ ਦਿਵਾਇਆ।
ਇਸ ਦੌਰਾਨ ਪਰਮਜੀਤ ਕੌਰ ਕੋਟੜਾ, ਜਸਬੀਰ ਸਿੰਘ ਗੱਗੜਪੁਰ, ਕੁਲਦੀਪ ਸਿੰਘ ਮਾਨਸਾ ਤੇ ਮਾਸਟਰ ਪ੍ਰੀਤਮ ਸਿੰਘ ਨੇ ਵੀ ਸੰਬੋਧਨ ਕੀਤਾ।