ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਮਈ
ਦੇਸ਼ ਦੇ ਵਪਾਰੀਆਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੀ ਕਨਫੈੱਡਰੇਸ਼ਨ ਆਫ਼ ਆਲ ਇੰਡੀਆ ਟ੍ਰੈਡਰਜ਼ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਤੋਂ ਦਿੱਲੀ ਨੂੰ ਹੌਲੀ-ਹੌਲੀ ‘ਅਨਲੌਕ’ ਕਰਨ ਦੇ ਕੀਤੇ ਐਲਾਨ ਬਾਰੇ ਨਾਖੁਸ਼ੀ ਪ੍ਰਗਟਉਂਦਿਆ ਕਿਹਾ ਕਿ ਇਸ ਫ਼ੈਸਲੇ ਨਾਲ ਦਿੱਲੀ ਦੇ ਕਰੀਬ 15 ਲੱਖ ਵਪਾਰੀਆਂ ਲਈ ਅਨਲੌਕ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਕਿਉਂਕਿ ਉਨ੍ਹਾਂ ਅਜੇ ਵੀ ਵਪਾਰਕ ਸਰਗਰਮੀਆਂ ਦੀ ਮਨਜ਼ੂਰੀ ਨਹੀਂ ਹੈ। ਸੰਸਥਾ ਦੇ ਆਗੂ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਸਿਰਫ਼ ਉਸਾਰੀ ਤੇ ਫੈਕਟਰੀਆਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਸੀ ਪਰ ਬਾਜ਼ਾਰ 7 ਜੂਨ ਤੱਕ ਸਵੇਰੇ 5 ਵਜੇ ਤੱਕ ਬੰਦ ਰਹਿਣਗੇ ਤੇ ਦਿੱਲੀ ਦੇ ਵਪਾਰੀਆਂ ਕੋਲ ਹੋਰ ਹਫ਼ਤੇ ਤੱਕ ਕਾਰੋਬਾਰ ਲਈ ਉਡੀਕ ਕਰਨੀ ਪਈ ਹੈ।ਸ੍ਰੀ ਖੰਡੇਲਵਾਲ ਨੇ ਕਿਹਾ ਕਿ ਬਾਜ਼ਾਰ ਖੁੱਲ੍ਹੇ ਨਹੀਂ ਤੇ ਉਸਾਰੀ ਦੀਆਂ ਸਰਗਰਮੀਆਂ ਇਮਾਰਤਸਾਜ਼ੀ ਦੇ ਸਾਮਾਨ ਦੀ ਕਮੀ ਕਾਰਨ ਕਿਵੇਂ ਚੱਲ ਸਕਣਗੀਆਂ। ਇਸੇ ਤਰ੍ਹਾਂ ਫੈਕਟਰੀਆਂ ਵਿੱਚ ਵੀ ਕੱਚਾ ਮਾਲ ਨਾ ਹੋਣ ਕਰਕੇ ਉਹ ਕਿਵੇਂ ਚੱਲ ਸਕਣਗੀਆਂ ਕਿਉਂਕਿ ਉਤਪਾਦਨ ਲਈ ਕੱਚੇ ਮਾਲ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਗੁਆਂਢੀ ਸੂਬੇ ਉੱਤਰ ਪ੍ਰਦੇਸ਼ ਜਿੱਥੇ ਕਰੋਨਾ ਲਾਗ ਦਰ ਦਿੱਲੀ ਤੋਂ ਜ਼ਿਆਦਾ ਹੈ ਵਿੱਚ ਵੀ ਸੋਮਵਾਰ ਤੋਂ ਬਾਜ਼ਾਰਾਂ ਦੀਆਂ ਸਰਗਰਮੀਆਂ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ।