ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਮਈ
ਟਿਕਰੀ ਬਾਰਡਰ ’ਤੇ ਅੱਜ ਮੋਰਚਾ 184ਵੇਂ ਦਿਨ ਵੀ ਜਾਰੀ ਰਿਹਾ। ਟਿਕਰੀ ਬਾਰਡਰ ’ਤੇ ਅੱਜ ਸਟੇਜ ਦੀ ਜ਼ਿੰਮੇਵਾਰੀ ਨੌਜਵਾਨਾਂ ਵੱਲੋਂ ਸੰਭਾਲੀ ਗਈ। ਨੌਜਵਾਨ ਆਗੂ ਗੁਰਭੇਜ ਸਿੰਘ ਰੋਹੀਵਾਲਾ ਨੇ ਕਿਹਾ ਕਿ ਸੰਘਰਸ਼ ਦੌਰਾਨ ਕਿਸਾਨਾਂ ਨੇ ਬਹੁਤ ਜਿੱਤਾਂ ਪ੍ਰਾਪਤ ਕੀਤੀਆਂ ਹਨ। ਹਰਿਆਣਾ ਸਰਕਾਰ ਵੱਲੋਂ ਵਿਰੋਧ ਕਰ ਰਹੇ ਲੋਕਾਂ ਉੱਤੇ ਪਾਏ ਗਏ ਕੇਸ ਇਸ ਸੰਘਰਸ਼ ਦੀ ਬਦੌਲਤ ਹੀ ਰੱਦ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਸੰਘਰਸ਼ ਨੇ ਹੀ ਮੁਲਕ ਦੇ ਕਿਸਾਨਾਂ ਦੀ ਸਾਂਝ ਹੋਰ ਪਕੇਰੀ ਕੀਤੀ ਹੈ ਅਤੇ ਇਹ ਸੰਘਰਸ਼ ਜਾਤਾਂ-ਧਰਮਾਂ ਤੋਂ ਉਪਰ ਉੱਠ ਕੇ ਮੁਲਕ ਦੀ ਕਿਸਾਨੀ ਦਾ ਸ਼ੰਘਰਸ਼ ਹੈ। ਯੁਵਰਾਜ ਸਿੰਘ ਘੁੜਾਣੀ ਕਲਾਂ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਦਾ ਹੱਲਾ ਸਾਮਰਾਜ ਦਾ ਹੱਲਾ ਹੈ। ਉਨ੍ਹਾਂ ਕਿਹਾ ਕਿ ਸਨਅਤੀ ਮਜ਼ਦੂਰਾਂ ਦਾ ਉਜਾੜਾ ਕਰਨ ਅਤੇ ਉਨ੍ਹਾਂ ਦੀ ਕਿਰਤ ਲੁਟਾਉਣ ਲਈ ਵੱਡੇ ਕਾਰਪੋਰੇਟ ਘਰਾਣਿਆਂ ਦੇ ਮੁਨਾਫ਼ੇ ਦੀ ਖ਼ਾਤਰ ਕਿਰਤ ਕਾਨੂੰਨਾਂ ’ਚ ਸੋਧ ਕੀਤੀ ਗਈ ਹੈ। ਸਰਕਾਰੀ ਸਿੱਖਿਆ ਨੀਤੀ ਦਾ ਉਜਾੜਾ ਕਰਨ ਲਈ ਨਵੀਂ ਸਿੱਖਿਆ ਨੀਤੀ 2020 ਲਿਆਂਦੀ ਗਈ ਹੈ। ਬਿੱਟੂ ਮੱਲਣ ਨੇ ਕਿਹਾ ਕਿ ਮੁਲਕ ਦੀ ਸਰਕਾਰ ਉਹੀ ਅੰਗਰੇਜ਼ੀ ਹਕੂਮਤ ਦੀਆਂ ਲੀਹਾਂ ’ਤੇ ਚੱਲ ਰਹੀ ਹੈ ਜਿਸ ਤਹਿਤ ਮੁਲਕ ਦੇ ਸਾਰੇ ਜਨਤਕ ਅਦਾਰੇ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਵੇਚੇ ਜਾ ਰਹੇ ਹਨ। ਇਸ ਦਾ ਨਮੂਨਾ ਮੌਜੂਦਾ ਸਾਲ ਦਾ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸਰਕਾਰੀ ਬੈਂਕਾਂ ਨੂੰ ਨਿੱਜੀ ਬੈਂਕਾਂ ਵਿੱਚ ਬਦਲਣ ਦਾ ਐਲਾਨ ਕਰਕੇ ਪੇਸ਼ ਕੀਤਾ। ਆਜ਼ਾਦ ਰੰਗਮੰਚ ਫਗਵਾੜਾ ਦੀ ਟੀਮ ਵੱਲੋਂ ਇਨਕਲਾਬੀ ਕੋਰੀਓਗ੍ਰਾਫੀ ਪੇਸ਼ ਕੀਤੀ ਗਈ। ਇਸ ਦੌਰਾਨ ਦਵਿੰਦਰ ਸਿੰਘ ਰਾਮਗੜ੍ਹ, ਹਰਮਨ ਟੱਲੇਵਾਲ, ਹਰਦੇਵ ਸਿੰਘ ਸੰਗਰੂਰ, ਪ੍ਰੀਤ ਮੋਗਾ ਤੇ ਕਿਸਾਨ ਆਗੂ ਹਰਿਆਣਾ ਜਗਵੀਰ ਸਿੰਘ ਝੱਜਰ ਨੇ ਸੰਬੋਧਨ ਕੀਤਾ।