ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਅਕਤੂਬਰ
ਦਿੱਲੀ ਵਿੱਚ ਕੇਜਰੀਵਾਲ ਸਰਕਾਰ ਨੇ ਸੋਮਵਾਰ ਤੋਂ ‘ਰੈੱਡ ਲਾਈਟ ਆਨ ਕਾਰ ਆਫ਼’ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਦਿੱਲੀ ਵਿੱਚ ਵਾਹਨਾਂ ਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਰੈੱਡ ਲਾਈਟ ਆਨ ਕਾਰ ਆਫ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਦੂਜੇ ਰਾਜਾਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਧ ਰਹੀਆਂ ਹਨ, ਉਸੇ ਦਰ ਨਾਲ ਦਿੱਲੀ ਦਾ ਪ੍ਰਦੂਸ਼ਣ ਪੱਧਰ ਵੀ ਵਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦਿਲੀ ਸਰਕਾਰ ਨੇ ਪਰਾਲੀ ਪ੍ਰਬੰਧਨ ਲਈ ਖੇਤਾਂ ਵਿੱਚ ਡੀ-ਕੰਪੋਜ਼ਰ ਦੇ ਛਿੜਕਾਅ ਦੀ ਜ਼ਿੰਮੇਵਾਰੀ ਲੈ ਲਈ ਹੈ। ਜੇ ਦੂਜੀਆਂ ਰਾਜ ਸਰਕਾਰਾਂ ਨੇ ਵੀ ਇਹ ਜ਼ਿੰਮੇਵਾਰੀ ਸਾਂਭੀ ਹੁੰਦੀ ਤਾਂ ਪਰਾਲੀ ਸਾੜੀ ਨਹੀਂ ਸੀ ਜਾਣੀ। ਜਾਣਕਾਰੀ ਮੁਤਾਬਿਕ ਗੋਪਾਲ ਰਾਏ ਨੇ ਅੱਜ ਆਈਟੀਓ ਚੌਕ ਤੋਂ ‘ਰੈੱਡ ਲਾਈਟ ਆਨ ਕਾਰ ਆਫ’ ਦੀ ਸ਼ੁਰੂਆਤ ਕੀਤੀ ਤੇ ਡਰਾਈਵਰਾਂ ਨੂੰ ਗੁਲਾਬ ਦੇ ਫੁੱਲ ਦੇ ਕੇ ਲਾਲ ਬੱਤੀ ‘ਤੇ ਵਾਹਨ ਬੰਦ ਕਰਨ ਦਾ ਸੱਦਾ ਦਿੱਤਾ। ਜਿਸ ਵਿੱਚ ਡਰਾਈਵਰਾਂ ਨੂੰ ਅਪੀਲ ਕੀਤੀ ਗਈ ਸੀ ਕਿ ਜਦੋਂ ਲਾਲ ਬੱਤੀ ਹੋਵੇ ਤਾਂ ਵਾਹਨ ਬੰਦ ਕਰ ਦਿਓ, ਇੱਕ ਹਫ਼ਤੇ ਵਿੱਚ ਇੱਕ ਯਾਤਰਾ ਘੱਟ ਕਰੋ ਤੇ ਫੋਨ ਵਿੱਚ ਗ੍ਰੀਨ ਦਿੱਲੀ ਮੋਬਾਈਲ ਐਪ ਡਾਊਨਲੋਡ ਕਰੋ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਬਾਰੇ ਖੋਜ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਵਾਹਨਾਂ ਦੇ ਪ੍ਰਦੂਸ਼ਣ ਵਿੱਚ ਮੁੱਖ ਭੂਮਿਕਾ ਹਵਾ ਪ੍ਰਦੂਸ਼ਣ ਦੀ ਹੈ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਦਿੱਲੀ ਸਰਕਾਰ ਧੂੜ ਪ੍ਰਦੂਸ਼ਣ ਵਿਰੁੱਧ ਧੂੜ ਵਿਰੋਧੀ ਮੁਹਿੰਮ ਚਲਾ ਰਹੀ ਹੈ। ਇਸੇ ਤਰ੍ਹਾਂ ਵਾਹਨਾਂ ਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪੈਟਰੋਲੀਅਮ ਕੰਜ਼ਰਵੇਸ਼ਨ ਰਿਸਰਚ ਐਸੋਸੀਏਸ਼ਨ ਦੇ ਅੰਕੜਿਆਂ ਅਨੁਸਾਰ ਜੇਕਰ ਲੋਕ ਸਫਲਤਾਪੂਰਵਕ ਰੈੱਡ ਲਾਈਟ ਆਨ ਕਾਰ ਆਫ ਮੁਹਿੰਮ ਦੀ ਪਾਲਣਾ ਕਰਦੇ ਹਨ ਤਾਂ ਦਿੱਲੀ ਦੇ ਅੰਦਰ ਵਾਹਨਾਂ ਦੇ ਪ੍ਰਦੂਸ਼ਣ ਨੂੰ 13 ਤੋਂ 20 ਫੀਸਦ ਤੱਕ ਘਟਾਇਆ ਜਾ ਸਕਦਾ ਹੈ। ਸਤੰਬਰ ਦੇ ਮਹੀਨੇ ਦਿੱਲੀ ਦੇ ਅੰਦਰ ਚੱਲਣ ਵਾਲੇ ਵਾਹਨ ਅੱਜ ਵੀ ਚੱਲ ਰਹੇ ਹਨ ਪਰ ਉਸ ਸਮੇਂ ਪ੍ਰਦੂਸ਼ਣ ਦਾ ਪੱਧਰ ਆਮ ਸੀ। ਬਦਲਦੇ ਮੌਸਮ ਤੇ ਪਰਾਲੀ ਸਾੜਨ ਦੇ ਕਾਰਨ ਸਰਦੀਆਂ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਦਾ ਜਾ ਰਿਹਾ ਹੈ। ਜਿਵੇਂ ਜਿਵੇਂ ਪਰਾਲੀ ਸਾੜਨ ਦੀਆਂ ਘਟਨਾਵਾਂ ਵਧ ਰਹੀਆਂ ਹਨ, ਦਿੱਲੀ ਦਾ ਪ੍ਰਦੂਸ਼ਣ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ।