ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਸਤੰਬਰ
ਦਿੱਲੀ ਸਰਕਾਰ ‘ਲੰਪੀ ਸਕਿਨ’ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਰਾਜਧਾਨੀ ਵਿੱਚ ਸਿਹਤਮੰਦ ਪਸ਼ੂਆਂ ਨੂੰ ਟੀਕਾ ਲਾਉਣ ਲਈ ਬੱਕਰੀ ਦੇ ਪੌਕਸ ਵੈਕਸੀਨ ਦੀਆਂ 60,000 ਖੁਰਾਕਾਂ ਖਰੀਦੇਗੀ। ਇਹ ਵੈਕਸੀਨ ਖੁਰਾਕਾਂ ਮੁਫਤ ਦਿੱਤੀਆਂ ਜਾਣਗੀਆਂ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ਨਿਚਰਵਾਰ ਸ਼ਾਮ ਤੋਂ ਕੇਸਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ ਅਤੇ ਹੁਣ ਤੱਕ ਕਿਸੇ ਦੀ ਮੌਤ ਦੀ ਖਬਰ ਨਹੀਂ ਹੈ। ਦਿੱਲੀ ਵਿੱਚ ਪਸ਼ੂਆਂ ਦੀ ਆਬਾਦੀ 80,000 ਹੈ। ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ 60,000 ਖੁਰਾਕਾਂ ਸਾਡੇ ਕੋਲ ਜਲਦੀ ਹੀ ਪਹੁੰਚ ਜਾਣਗੀਆਂ।
ਕੇਂਦਰ ਸਰਕਾਰ ਸਪਲਾਇਰ ਨਾਲ ਰੇਟ ਇਕਰਾਰਨਾਮੇ ਨੂੰ ਅੰਤਿਮ ਰੂਪ ਦੇ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਵੈਕਸੀਨ ਉਪਲਬਧ ਕਰਾਉਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ‘ਰਿੰਗ ਵੈਕਸੀਨੇਸ਼ਨ’ ਰਣਨੀਤੀ ਅਪਣਾਏਗੀ ਜਿਸ ਵਿੱਚ ਪ੍ਰਭਾਵਿਤ ਖੇਤਰਾਂ ਦੇ 5 ਕਿਲੋਮੀਟਰ ਦੇ ਦਾਇਰੇ ਵਿੱਚ ਸਿਹਤਮੰਦ ਪਸ਼ੂਆਂ ਨੂੰ ਵਾਇਰਸ ਦੇ ਉੱਤਰਕਾਸ਼ੀ ਸਟ੍ਰੇਨ ਨਾਲ ਬੱਕਰੀ ਦੇ ਪੌਕਸ ਦਾ ਟੀਕਾ ਲਾਇਆ ਜਾਵੇਗਾ। ਦਿੱਲੀ ਵਿੱਚ ਗੋਇਲਾ ਡੇਅਰੀ ਖੇਤਰ, ਰੇਵਲਾ ਖਾਨਪੁਰ ਖੇਤਰ, ਘੁਮਾਣਹੇੜਾ ਤੇ ਨਜਫਗੜ੍ਹ ਵਿੱਚ ‘ਲੰਪੀ’ ਪੌਕਸ ਦੀ ਬਿਮਾਰੀ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇੱਕ ਛੂਤ ਵਾਲੀ ਵਾਇਰਲ ਬਿਮਾਰੀ ਹੈ ਜੋ ਪਸ਼ੂਆਂ ਵਿੱਚ ਮੱਛਰਾਂ, ਮੱਖੀਆਂ, ਜੂਆਂ ਤੇ ਭਾਂਡੇ ਦੇ ਸਿੱਧੇ ਸੰਪਰਕ ਤੇ ਦੂਸ਼ਿਤ ਭੋਜਨ ਅਤੇ ਪਾਣੀ ਦੁਆਰਾ ਵੀ ਫੈਲਦੀ ਹੈ। ਇਹ ਪਸ਼ੂਆਂ ਤੋਂ ਮਨੁੱਖਾਂ ਵਿੱਚ ਨਹੀਂ ਹੁੰਦੀ।