ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਸਤੰਬਰ
ਬਲਵੰਤ ਸਿੰਘ ਮੁਲਤਾਨੀ ਅਗਵਾ ਅਤੇ ਹੱਤਿਆ ਮਾਮਲੇ ਵਿੱਚ ਨਾਮਜ਼ਦ ਪੰਜਾਬ ਪੁਲੀਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਨ ਵਿੱਚ ਨਾਕਾਮ ਰਹਿਣ ਉੱਤੇ ਪੰਜਾਬ ਪੁਲੀਸ ਖ਼ਿਲਾਫ਼ ਸ਼ਾਂਤਮਈ ਰੋਸ ਮੁਜ਼ਾਹਰਾ ‘ਜਾਗੋ’ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਗਵਾਈ ਵਿੱਚ ਕੀਤਾ ਗਿਆ। ਇਹ ਮੁਜ਼ਾਹਰਾ ਜਾਗੋ ਦੇ ਕਾਰਕੁਨਾਂ ਦੀ ਹਾਜ਼ਰੀ ਪੱਖੋਂ ਫਿੱਕਾ ਰਿਹਾ ਤੇ ਉਹੀ ਲੋਕ ਜ਼ਿਆਦਾਤਰ ਸ਼ਾਮਲ ਹੋਏ, ਜੋ ਇਸ ਨਵੇਂ ਧੜੇ ਦੀਆਂ ਬੈਠਕਾਂ ਜਾਂ ਪ੍ਰੈੱਸ ਕਾਨਫਰੰਸਾਂ ਦਾ ਹਿੱਸਾ ਹੁੰਦੇ ਹਨ।
ਪੰਜਾਬ ਭਵਨ ਵੱਲ ਕੂਚ ਕਰਨ ਲਈ ਮੁਜ਼ਾਹਰੇ ਦੀ ਸ਼ੁਰੂਆਤ ਮੰਡੀ ਹਾਊਸ ਮੈਟਰੋ ਸਟੇਸ਼ਨ ਦੇ ਕੋਲ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਤੋਂ ਕਰਨੀ ਸੀ, ਪਰ ਪੁਲੀਸ ਦੇ ਉੱਚ- ਅਧਿਕਾਰੀਆਂ ਨੇ ਧਾਰਾ 144 ਲੱਗੀ ਹੋਣ ਕਾਰਨ ਕੋਵਿਡ ਦੀ ਮਹਾਮਾਰੀ ਦਾ ਹਵਾਲਾ ਦਿੰਦੇ ਹੋਏ ਮੰਡੀ ਹਾਊਸ ਤੋਂ ਮਾਰਚ ਕੱਢਣ ਦੀ ਮਨਜ਼ੂਰੀ ਨਹੀਂ ਦਿੱਤੀ, ਜਿਸ ਮਗਰੋਂ ਸੋਸ਼ਲ ਡਿਸਟੈਂਸਿਗ ਦਾ ਪਾਲਣ ਕਰਦੇ ਹੋਏ ਮੰਡੀ ਹਾਊਸ ਬੱਸ ਸਟਾਪ ਦੇ ਹੇਠਾਂ ਮਨੁੱਖੀ ਲੜੀ ਬਣਾ ਲਈ ਤੇ ਸੈਣੀ ਦੀ ਗ੍ਰਿਫਤਾਰੀ ਲਈ ਨਾਅਰੇਬਾਜ਼ੀ ਕੀਤੀ। ਹੱਥਾਂ ਵਿੱਚ ਤਖ਼ਤੀਆਂ ਅਤੇ ਬੈਨਰ ਫੜੇ ਪ੍ਰਦਰਸ਼ਨਕਾਰੀ ਸੈਣੀ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਨ।
ਪ੍ਰਦਰਸ਼ਨਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਜੀਕੇ ਨੇ ਕਿਹਾ ਕਿ ਮੋਹਾਲੀ ਕੋਰਟ ਨੇ ਸੈਣੀ ਦੀ ਗ੍ਰਿਫ਼ਤਾਰੀ ਲਈ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਹੈ। ਨਾਲ ਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੈਣੀ ਨੂੰ ਇਸ ਮਾਮਲੇ ਵਿੱਚ ਜ਼ਮਾਨਤ ਦੇਣ ਤੋਂ ਮਨਾਹੀ ਕਰ ਦਿੱਤੀ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਜ਼ੈਡ ਸੁਰੱਖਿਆ ਪ੍ਰਾਪਤ ਸੈਣੀ ਪੰਜਾਬ ਪੁਲੀਸ ਦੀ ਨੱਕ ਦੇ ਹੇਠੋਂ ਫ਼ਰਾਰ ਹੋ ਜਾਂਦਾ ਹੈ। ਜੀਕੇ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਸੈਣੀ ਨੂੰ ਬਚਾਉਣ ਦਾ ਇਲਜ਼ਾਮ ਲਗਾਇਆ। ਜੀਕੇ ਨੇ ਕੈਪਟਨ-ਸੁਖਬੀਰ ਨੂੰ ਚਾਚਾ-ਭਤੀਜੇ ਦੀ ਸੰਗਿਆ ਦਿੰਦੇ ਹੋਏ ਦੋਨਾਂ ਦੀ ਸੈਣੀ ਨਾਲ ਦੋਸਤੀ ਹੋਣ ਦਾ ਦਾਅਵਾ ਕੀਤਾ। ਜੀਕੇ ਨੇ ਕਿਹਾ ਕਿ 14 ਮਾਰਚ 2012 ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੱਪੜਚਿੜੀ ਦੇ ਇਤਿਹਾਸਿਕ ਜੰਗ ਦੇ ਮੈਦਾਨ ਵਿੱਚ ਲੈਣ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਸੈਣੀ ਨੂੰ ਸੀਨੀਅਰ 5 ਪੁਲੀਸ ਅਧਿਕਾਰੀਆਂ ਨੂੰ ਦਰਕਿਨਾਰ ਕਰਕੇ ਡੀਜੀਪੀ ਲਗਾਉਣ ਦਾ ਕੀਤਾ ਸੀ।