ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਅਗਸਤ
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੈਕਚਰ ਲੜੀ ਦੇ ਦੂਜੇ ਭਾਸ਼ਣ ਵਿੱਚ “ਸਮਕਾਲੀ ਪ੍ਰਸਥਿਤੀਆਂ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ” ਵਿਸ਼ੇ ਉਪਰ ਲੈਕਚਰ ਕਰਵਾਇਆ ਗਿਆ, ਜਿਸ ਵਿਚ ਮੁੱਖ ਵਕਤਾ ਡਾ. ਸਰਬਜਿੰਦਰ ਸਿੰਘ (ਪ੍ਰੋਫੈਸਰ ਤੇ ਮੁਖੀ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਅਤੇ ਚੇਅਰਮੈਨ, ਭਾਈ ਗੁਰਦਾਸ ਚੇਅਰ ਪੰਜਾਬੀ ਯੂਨੀਵਰਸਿਟੀ, ਪਟਿਆਲਾ) ਸਨ ਤੇ ਪ੍ਰਧਾਨਗੀ ਪ੍ਰੋ. ਕਰਮਜੀਤ ਸਿੰਘ (ਵਾਈਸ ਚਾਂਸਲਰ ਜਗਤ ਗੁਰੂ ਨਾਨਕ ਦੇਵ, ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ) ਵੱਲੋਂ ਕੀਤੀ ਗਈ। ਵੈਬਿਨਾਰ ਦਾ ਆਗਾਜ਼ ਕਾਲਜ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਰਾਹੀਂ ਕੀਤਾ। ਉਪਰੰਤ ਪ੍ਰਿੰ. ਜਤਿੰਦਰਬੀਰ ਸਿੰਘ ਨੇ ਵਰਚੁਅਲ ਗੁਲਦਸਤੇ ਨਾਲ ਪ੍ਰੋ. ਕਰਮਜੀਤ ਸਿੰਘ ਦਾ ਤੇ ਕਾਲਜ ਦੇ ਪੰਜਾਬੀ ਵਿਭਾਗ ਮੁਖੀ ਡਾ. ਮਨਜੀਤ ਕੌਰ ਨੇ ਪੰਜਾਬੀ ਵਿਭਾਗ ਵੱਲੋਂ ਡਾ. ਸਰਬਜਿੰਦਰ ਸਿੰਘ ਦਾ ਸਵਾਗਤ ਕੀਤਾ। ਜਤਿੰਦਰਬੀਰ ਹੁਰਾਂ ਨੇ ਸਮਕਾਲੀਨ ਭਾਰਤ ਦੀਆਂ ਸਥਿਤੀਆਂ ਵਿਚ ਗੁਰੂ ਤੇਗ ਬਹਾਦਰ ਦੀ ਬਾਣੀ ਤੇ ਵਿਚਾਰ ਕਿਵੇਂ ਪ੍ਰਾਸੰਗਿਕ ਹਨ, ਬਾਰੇ ਗੱਲ ਕੀਤੀ ਅਤੇ ਕਾਮਰਸ ਕਾਲਜ ਹੋਣ ਦੇ ਬਾਵਜੂਦ ਆਪਣੇ ਵਿਰਸੇ ਨਾਲ ਜੁੜੇ ਰਹਿਣ ਦਾ ਮਾਣ ਪ੍ਰਗਟਾਉਂਦੇ ਹੋਏ ਮਹਿਮਾਨਾਂ ਲਈ ਸੁਆਗਤੀ ਸ਼ਬਦ ਆਖੇ। ਪ੍ਰੋ. ਕਰਮਜੀਤ ਸਿੰਘ ਨੇ ਗੁਰੂ ਸਾਹਿਬ ਦੀ ਬਾਣੀ ਰਾਹੀਂ ਮਨੁੱਖ ਨੂੰ ਜੀਵਨ ਜਿਊਣ ਦੇ ਤਰੀਕਿਆਂ ਨੂੰ ਸਿੱਖਣ ਬਾਰੇ ਗੱਲ ਕੀਤੀ ਤੇ “ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ” ਦੇ ਮਾਰਗ ਤੇ ਚਲਦਿਆਂ ਮਨੁੱਖ ਨੂੰ ਆਪਣੇ ਅੰਦਰ ਦੀ ਯਾਤਰਾ ਸ਼ੁਰੂ ਕਰਕੇ ਅੰਦਰੋਂ-ਬਾਹਰੋਂ ਇੱਕੋ ਵਰਗਾ ਹੋਣ ਦੀ ਲੋੜ ਪ੍ਰਗਟਾਈ। ਪ੍ਰੋ. ਸਰਬਜਿੰਦਰ ਸਿੰਘ ਨੇ ਗੁਰੂ ਪਾਤਸ਼ਾਹਾਂ ਦੇ ਸਮਕਾਲ ਤੋਂ ਲੈ ਕੇ ਅਜੋਕੇ ਸਮੇਂ ਤੱਕ ਦੀ ਗੱਲ ਕਰਦਿਆਂ ਸਮੁੱਚੇ ਸਿੱਖ ਗੁਰੂ ਸਾਹਿਬਾਨਾਂ ਦੇ ਸਮਕਾਲ ਨੂੰ ਚਰਚਾ ਦਾ ਕੇਂਦਰ ਬਣਾਇਆ।
ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ “ਦੈਵੀਨਾਦ” ਕਿਹਾ ਜਿਸ ਵਿੱਚੋਂ ਹਿੰਦੁਸਤਾਨ ਦੇ ਉਹ ਹਰ ਰੰਗ ਉਭਰ ਕੇ ਸਾਹਮਣੇ ਆਉਂਦੇ ਹਨ ਜਿਸ ਅੰਦਰ ਹਰੇਕ ਰੰਗ, ਜਾਤ, ਧਰਮ, ਖਿੱਤੇ ਦੇ ਲੋਕ, ਸਮਾਨਤਾ ਨਾਲ ਸਮਾਏ ਹੋਏ ਹਨ। ਉਨ੍ਹਾਂ ਨੇ ਨਾ ਕੇਵਲ ਗਲੋਬਲਾਈਜੇਸ਼ਨ ਸ਼ਬਦ ਦੇ ਅਰਥਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਨਾਲ ਵਿਸਥਾਰ ਕੀਤਾ ਸਗੋਂ ਗੁਰੂ ਗ੍ਰੰਥ ਸਾਹਿਬ ਦੀ ਸਰੰਚਨਾ ਬਾਰੇ ਵੀ ਮਹੱਤਵਪੂਰਨ ਗੱਲਾਂ ਕੀਤੀਆਂ। ਉਨ੍ਹਾਂ ਨੇ ਹਾਜਰ ਸਰੋਤਿਆਂ ਨੂੰ ਸੇਧ ਦਿੰਦਿਆਂ ਵਿਰਾਸਤ ਨੂੰ ਫਰੋਲਣ ਅਤੇ ਕਥਨੀ-ਕਰਨੀ ਦੇ ਅੰਤਰ ਨੂੰ ਖਤਮ ਕਰਕੇ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਅਮਲੀ ਰੂਪ ਵਿੱਚ ਧਾਰਨ ਕਰਨ ਬਾਰੇ ਕਿਹਾ। ਅੰਤ ’ਚ ਪ੍ਰਿੰ. ਜਤਿੰਦਰਬੀਰ ਸਿੰਘ ਤੇ ਡਾ. ਮਨਜੀਤ ਕੌਰ ਨੇ ਲੈਕਚਰ ਵਿਚ ਸ਼ਾਮਿਲ ਵਿਦਵਾਨਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।