ਪੱਤਰ ਪ੍ਰੇਰਕ
ਨਵੀਂ ਦਿੱਲੀ 8 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਕੇਂਦਰ ਦੀ ਭਾਜਪਾ ਸਰਕਾਰ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਤੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਣ ਦੀ ਬਜਾਏ ਰੋਲਣ ਦੇ ਯਤਨ ਕਰ ਰਹੀ ਹੈ । ਭਾਰਤ ਤੋਂ ਇਲਾਵਾ ਸੰਸਾਰ ਦੇ ਦੂਜੇ ਮੁਲਕਾਂ ਵਿੱਚ ਵੀ ਖੇਤੀ ਕਾਨੂੰਨਾਂ ਦਾ ਵੱਖ ਵੱਖ ਢੰਗਾਂ ਰਾਹੀਂ ਵੱਡੀ ਪੱਧਰ ਤੇ ਵਿਰੋਧ ਹੋਇਆ ਹੈ । ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਸਮੇਂ ਅਮਰੀਕਾ ਵਿੱਚ ਵੱਸਦੇ ਭਾਰਤੀ ਭਾਈਚਾਰੇ ਨੇ ਸ਼ਾਂਤਮਈ ਢੰਗ ਤਰੀਕੇ ਨਾਲ ਨਰਿੰਦਰ ਮੋਦੀ ਦਾ ਵਿਰੋਧ ਕੀਤਾ। ਪਿਛਲੇ ਦਿਨਾਂ ਦੀਆਂ ਘਟਨਾਵਾਂ ਨਾਲ ਜੋੜ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭਾਵੇਂ ਹਿਸਾਰ ਕਰਨਾਲ ਦੀ ਘਟਨਾ ਹੋਵੇ ਭਾਵੇਂ ਯੂ ਪੀ ਦੇ ਲਖਮੀਰਪੁਰ ਜ਼ਿਲ੍ਹੇ ਦੀ ਘਟਨਾ ਹੋਵੇ ਜਿਸ ਨੇ ਸਾਰੇ ਸੰਸਾਰ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਭਾਰਤੀ ਲੋਕਤੰਤਰ ਦੀ ਤਸਵੀਰ ਹੁਣ ਜੋਕਤੰਤਰ ਬਣ ਕੇ ਸਾਹਮਣੇ ਆ ਗਈ ਹੈ । ਫਿਰ ਇਹੋ ਜਿਹੀਆਂ ਹਕੂਮਤਾਂ ਦੇ ਨਾਲ ਲੋਕਾਂ ਨੂੰ ਸੰਘਰਸ਼ੀ ਲੋਕਾਂ ਨੂੰ ਟੱਕਰ ਲੈਣ ਵਾਸਤੇ ਬਹੁਤ ਹੀ ਸਿਆਣਪ ਤੋਂ ਕੰਮ ਲੈਣ ਦੀ ਲੋੜ ਹੈ ਕਿਰਤੀ ਲੋਕਾਂ ਦੀ ਚੇਤਨਤਾ ਚ ਵਾਧਾ ਕਰਕੇ ਪੂਰੀ ਸੂਝ ਬੂਝ ਨਾਲ ਸਾਰੇ ਵਰਗਾਂ ਨੂੰ ਇਕ ਮੰਚ ਤੇ ਇਕੱਠੇ ਹੋ ਕੇ ਇਹੋ ਜਿਹੇ ਧੱਕੜ ਰਾਜ ਪ੍ਰਬੰਧ ਦੇ ਖ਼ਿਲਾਫ਼ ਲੜਨ ਦੀ ਲੋੜ ਹੈ ਤੇ ਸਮਾਂ ਮੰਗ ਵੀ ਕਰਦਾ ਹੈ । ਕਰਮਜੀਤ ਕੌਰ, ਬਚਿੱਤਰ ਕੌਰ ਤਲਵੰਡੀ ਮੱਲੀਆਂ, ਉੱਤਮ ਸਿੰਘ, ਮਨਜੀਤ ਸਿੰਘ ਘਰਾਚੋਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਪਿਛਲੇ ਦੱਸ ਮਹੀਨਿਆਂ ਤੋਂ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਹੈ।
ਮੋਦੀ ਦੀ ਚੁੱਪ ‘ਤੇ ਸਵਾਲ ਉਠਾਏ
ਅੱਜ ਸੰਯੁਕਤ ਕਿਸਾਨ ਮੋਰਚਾ ਟਿਕਰੀ ਬਾਰਡਰ ਦਿੱਲੀ ਦੀ ਮੀਟਿੰਗ ਬੀਕੇਯੂ ਰਾਜੇਵਾਲ( ਯੂਥ ਵਿੰਗ) ਪੰਜਾਬ ਦੇ ਪ੍ਰਧਾਨ ਲਖਵਿੰਦਰ ਸਿੰਘ ਪੀਰ ਮੁਹੰਮਦ ਦੀ ਪ੍ਰਧਾਨਗੀ ਹੇਠ ਹੋਈ। ਨਿਰਮਲ ਸਿੰਘ ਝੰਡੂਕੇ ਤੇ ਜਗਜੀਤ ਸਿੰਘ ਹਮੀਰਗੜ੍ਹ ਢੈਪਈ ਨੇ ਬੋਲਦਿਆਂ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਭਾਜਪਾ ਆਗੂਆਂ ਵੱਲੋਂ ਕਿਸਾਨਾਂ ਦੀਆਂ ਕੀਤੀਆਂ ਹੱਤਿਆਵਾਂ ਅਤੇ ਉਸਤੋਂ ਬਾਅਦ ਪ੍ਰਧਾਨਮੰਤਰੀ ਨਰਿੰਦਰ ਮੋਦੀ ਸਮੇਤ ਕੇਂਦਰ ਸਰਕਾਰ ਦੀ ਚੁੱਪ ਬਿਆਨ ਕਰਦੀ ਹੈ ਕਿ ਭਾਜਪਾ ਸਿਰਫ਼ ਸਮਾਜ ਵਿੱਚ ਵੰਡੀਆਂ ਪਾ ਕੇ ਤੇ ਨਫ਼ਰਤ ਦਾ ਜ਼ਹਿਰ ਘੋਲ ਕੇ ਤੇ ਕੁਰਸੀ ਤੇ ਕਾਬਜ਼ ਰਹਿਣ ਦੀ ਲੀਹ ਤੇ ਚੱਲ ਰਹੀ। ਇਸ ਮੌਕੇ ਹਰਿਆਣਾ ਦੇ ਕਿਸਾਨ ਆਗੂ ਮਨਦੀਪ ਮਲਿਕ ਤੇ ਭੂਪ ਸਿੰਘ ਟਿਟੋਲੀ ਤੇ ਸ਼ਾਰਧਾ ਦੀਕਸ਼ਿਤ ਨੇ ਕਿਹਾ ਕੇ ਦੇਸ਼ ਦਾ ਗ੍ਰਹਿ ਰਾਜ ਮੰਤਰੀ ‘ਦੋ ਦਿਨ ਚ ਸਿੱਧੇ ਕਰਨ ਵਾਲਾ’ ’ਤੇ ਖੱਟਰ ਦਾ ‘ਜੈਸੇ ਕੋ ਤੈਸਾ’ ਦਬਾਅ ਵਾਲਾ ਬਿਆਨ ਹੁਣ,ਲਖੀਮਪੁਰ ਖੀਰੀ ਦਾ ਦਰਦਨਾਕ ਕਾਂਡ ਸਭ ਇਕੋ ਸਾਜ਼ਿਸ਼ ਦੀਆਂ ਕੜੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸ਼ੁਰੂ ਤੋਂ ਹੀ ਕੋਸ਼ਿਸ਼ ਰਹੀ ਹੈ ਕਿ ਕਿਸਾਨ ਸੰਘਰਸ਼ ਨੂੰ ਹਿੰਸਕ ਗਰਦਾਨਿਆਂ ਜਾ ਸਕੇ ਜਿਸ ਵਿੱਚ ਉਹ ਹੁਣ ਤੱਕ ਕਾਮਯਾਬ ਨਹੀਂ ਹੋ ਸਕੀ। ਡਾਂ.ਸਵੈਮਾਨ ਸਿੰਘ ਨੂੰ ਅੰਦੋਲਨ ਦੌਰਾਨ ਸੇਵਾਵਾਂ ਬਦਲੇ ਟਿਕਰੀ ਬਾਰਡਰ ਦੀ ਕਮੇਟੀ ਵੱਲੋਂ ਉਨ੍ਹਾਂ ਦੀ ਪੂਰੀ ਟੀਮ ਨੂੰ ਸ਼ੀਲਡ ਦੇ ਕੇ ਸਨਮਾਨਤ ਕੀਤਾ ਗਿਆ।