ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 1 ਅਕਤੂਬਰ
ਦਿੱਲੀ ਯੂਨੀਵਰਸਿਟੀ ਅਧਿਆਪਕ ਐਸੋਸੀਏਸ਼ਨ (ਡੂਟਾ) ਵੱਲੋਂ ਦਿੱਲੀ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਉਹ ਸੂਬਾ ਸਰਕਾਰ ਅਧੀਨ ਆਉਂਦੇ ਦਿੱਲੀ ਦੇ 12 ਕਾਲਜਾਂ ਲਈ ਫੰਡ ਜਾਰੀ ਕਰੇ। ‘ਡੂਟਾ’ ਵੱਲੋਂ ਆਰਥਿਕ ਤੌਰ ’ਤੇ ਗ਼ਰੀਬ ਵਰਗ (ਈਡਬਲਿਊਐੱਸ) ਦੇ ਅਧਿਆਪਕਾਂ ਦੀਆਂ ਆਸਾਮੀਆਂ ਮਨਜ਼ੂਰ ਕਰਕੇ ਉਨ੍ਹਾਂ ਨੂੰ ਵੀ ਭਰਨ ਦੀ ਮੰਗ ਕੀਤੀ ਗਈ ਹੈ। ਮੰਗਾਂ ਨਾ ਮੰਨੀਆਂ ਜਾਣ ਦੀ ਸੂਰਤ ਵਿੱਚ ਅੰਦੋਲਨ ਦੀ ਚੇਤਾਵਨੀ ਦਿੱਤੀ ਗਈ ਹੈ।
ਦਿੱਲੀ ਯੂਨੀਵਰਸਿਟੀ ਅਧਿਆਪਕ ਐਸੋਸੀਏਸ਼ਨ ਦੇ ਪ੍ਰਧਾਨ ਡਾ. ਹੰਸਰਾਜ ਸੁਮਨ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਆਪਣੇ ਅਧੀਨ 12 ਕਾਲਜਾਂ ਨੂੰ ਫੰਡ ਜਾਰੀ ਕਰਨ ਵਿੱਚ ਦੇਰੀ ਕਾਰਨ ਕਾਲਜਾਂ ਵਿੱਚ ਫੰਡਾਂ ਦੀ ਕਮੀ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਦਿੱਲੀ ਵਰਸਿਟੀ ਦੇ ਸਾਰੇ ਕਾਲਜਾਂ ਵਿੱਚ ਗ਼ਰੀਬ ਵਰਗ ਦੇ ਕੋਟੇ ਤਹਿਤ ਅਧਿਆਪਕਾਂ ਦੀ ਭਰਤੀ ਕੀਤੀ ਜਾਵੇ ਤੇ ਇਨ੍ਹਾਂ ਅਧਿਆਪਕਾਂ ਦੀਆਂ ਆਸਾਮੀਆਂ ਭਰਨ ਲਈ ਮਨਜ਼ੂਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਆਪਕਾਂ ਦੀਆਂ ਆਸਾਮੀਆਂ ਭਰਨ ਨਾਲ ਵਰਸਿਟੀ ਵਿੱਚ ਈਡਬਲਿਊਐੱਸ ਕੋਟੇ ਦੇ ਅਧਿਆਪਕਾਂ ਦੀਆਂ ਆਸਾਮੀਆਂ 1250 ਹੋ ਜਾਣਗੀਆਂ, ਜਿਸ ਨਾਲ ਅਧਿਆਪਕ ਵਿਿਦਆਰਥੀ ਅਨੁਪਾਤ ਵਿੱਚ ਸੁਧਾਰ ਵੀ ਆਵੇਗਾ। ‘ਡੂਟਾ’ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਦੀ ਰੂਪ-ਰੇਖਾ ਵੀ ਉਲੀਕੀ ਗਈ ਹੈ। ਪ੍ਰਧਾਨ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ 17, 18 ਤੇ 19 ਅਕਤੂਬਰ ਨੂੰ ਧਰਨਾ ਦਿੱਤਾ ਜਾਵੇਗਾ, ਜਿਸ ਤਹਿਤ ਪਹਿਲੇ ਦਿਨ ਕੇਂਦਰੀ ਸਿੱਖਿਆ ਮੰਤਰਾਲਾ, ਦੂਜੇ ਦਿਨ ਦਿੱਲੀ ਵਿਧਾਨ ਸਭਾ ਤੇ ਤੀਜੇ ਦਿਨ ਦਿੱਲੀ ਯੂਨੀਵਰਸਿਟੀ ਦੇ ਵੀਸੀ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਇਸ ਤਿੰਨ ਰੋਜ਼ਾ ਅੰਦੋਲਨ ਦੌਰਾਨ ਸਾਰੇ ਕਾਲਜਾਂ ਦੇ ਅਧਿਆਪਕਾਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਕਾਲਜਾਂ ਨੂੰ ਫੰਡ ਮੁਹੱਈਆ ਕਰਵਾ ਕੇ ਸਹੂਲਤਾਂ ਦਰੁਸਤ ਕੀਤੀਆਂ ਜਾਣ।