ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਅਪਰੈਲ
ਦਿੱਲੀ ’ਚ ਕਰੋਨਾ ਦੇ ਕਹਿਰ ਕਾਰਨ ਰੋਜ਼ਾਨਾਂ ਸੈਂਕੜੇ ਮੌਤਾਂ ਹੋ ਰਹੀਆਂ ਹਨ। ਬੀਤੀ ਦੇਰ ਰਾਤ ਕਰੀਬ 11 ਵਜੇ ਦਿੱਲੀ ਸਰਕਾਰ ਦੇ ਸਿਹਤ ਮਹਿਕਮੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ 380 ਲੋਕਾਂ ਦੀ ਕਰੋਨਾ ਨੇ ਜਾਨ ਲਈ ਸੀ। ਮ੍ਰਿਤਕਾਂ ਦੇ ਇਹ ਉਹ ਅੰਕੜੇ ਹਨ ਜੋ ਸਰਕਾਰੀ ਜਾਂ ਨਿੱਜੀ ਹਸਪਤਾਲਾਂ ’ਚ ਇਲਾਜ ਦੌਰਾਨ ਮਾਰੇ ਗਏ ਸਨ ਪਰ ਉਨ੍ਹਾਂ ਲੋਕਾਂ ਦੀ ਗਿਣਤੀ ਇਨ੍ਹਾਂ ਅੰਕੜਿਆਂ ਵਿੱਚ ਨਹੀਂ ਹੋ ਰਹੀ ਜੋ ਘਰਾਂ ਵਿੱਚ ਹੀ ਕਰੋਨਾ ਕਰਕੇ ਦਮ ਤੋੜ ਦਿੰਦੇ ਹਨ। ਇਸ ਕਰਕੇ ਦਿੱਲੀ ਅੰਦਰ ਹਕੀਕਤ ਵਿੱਚ ਮ੍ਰਿਤਕਾਂ ਦੀ ਗਿਣਤੀ ਦਿੱਲੀ ਨਗਰ ਨਿਗਮਾਂ ਦੇ ਸਿਵਿਆਂ ਵਿੱਚ ਫੂਕੇ ਗਏ ਮ੍ਰਿਤਕਾਂ ਤੋਂ ਜ਼ਿਆਦਾ ਹੈ ਤੇ 1100 ਦੇ ਕਰੀਬ ਅਜਿਹੇ ਮ੍ਰਿਤਕ ਹਨ ਜੋ ਕੋਵਿਡ ਕਾਰਨ ਮਰਿਆਂ ਦੀ ਸੂਚੀ ਵਿੱਚ ਨਹੀਂ ਦਰਜ ਹਨ। ਦਿੱਲੀ ਦੇ 26 ਸਿਵਿਆਂ ਵਿੱਚ 18 ਅਪਰੈਲ ਤੋਂ 24 ਅਪਰੈਲ ਦਰਮਿਆਨ 3000 ਤੋਂ ਕੋਵਿਡ ਲਾਸ਼ਾਂ ਦਾ ਸਸਕਾਰ ਕੀਤਾ ਗਿਆ ਜਦੋਂ ਕਿ ਉਕਤ ਵਕਫ਼ੇ ਦੌਰਾਨ ਦਿੱਲੀ ਸਰਕਾਰ ਦਾ ਅੰਕੜਾ 1938 ਮੌਤਾਂ ਦੱਸ ਰਿਹਾ ਸੀ। ਇਸ ਕਰਕੇ 1150 ਤੋਂ ਵੱਧ ਕੋਵਿਡ ਮੌਤਾਂ ਸਰਕਾਰੀ ਰਿਕਾਰਡ ਵਿੱਚ ਦਰਜ ਨਹੀਂ ਕੀਤੀਆਂ ਜਾ ਸਕੀਆਂ। ਉਧਰ ਐਮਸੀਡੀਜ਼ ਵੱਲੋ ਉਹੀ ਲਾਸ਼ਾਂ ਨੂੰ ਕੋਵਿਡ ਲਾਸ਼ਾਂ ਮੰਨਿਆ ਜਾਂਦਾ ਹੈ ਜੋ ਹਸਪਤਾਲਾਂ ਤੋਂ ਲਿਆਂਦੀਆਂ ਜਾਂਦੀਆਂ ਹਨ ਤੇ ਉਨ੍ਹਾਂ ਦੀਮੌਤ ਦਾ ਕਾਰਨ ਵੀ ਕਰੋਨਾ ਦੱਸਿਆ ਗਿਆ ਹੁੰਦਾ ਹੈ। ਗਾਜ਼ੀਪੁਰ ਸ਼ਮਸ਼ਾਨ ਘਾਟ ਦੇ ਇੱਕ ਪ੍ਰਬੰਧਕ ਨੇ ਕਿਹਾ ਕਿ ਕੁੱਝ ਲਾਸ਼ਾਂ ਐਂਬੂਲੈਂਸਾਂ ਉਪਰ ਹਸਪਤਾਲਾਂ ਤੋਂ ਆਉਂਦੀਆਂ ਹਨ ਤਾਂ ਉਹ ਕੋਵਿਡ ਵਾਲੀਆਂ ਹਨ ਤੇ ਜੋ ਘਰਾਂ ਤੋਂ ਸਿੱਧੀਆਂ ਸਿਵਿਆਂ ਵਿੱਚ ਆਉਂਦੀਆਂ ਹਨ ਉਨ੍ਹਾਂ ਨੂੰ ਆਮ ਮੌਤ ਲਿਖਿਆ ਜਾਂਦਾ ਹੈ। ਕੋਵਿਡ ਲਾਸ਼ਾਂ ਦਾ ਸਸਕਾਰ ਕਰਨ ਲਈ ਵਿਸ਼ੇਸ਼ ਵਿਧੀ ਤੇ ਸਾਵਧਾਨੀ ਵਰਤੀ ਜਾਂਦੀ ਹੈ। ਹਾਲਾਂ ਕਿ ਪਰਿਵਾਰਾਂ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦਾ ਜੀਅ ਕਰੋਨਾ ਨਾਲ ਲੜਦਾ ਹੋਇਆ ਜਾਨ ਦੇ ਗਿਆ ਪਰ ਸ਼ਮਸ਼ਾਨ ਘਾਟ ਨੇ ਉਸ ਨੂੰ ਆਮ ਮੌਤ ਵੱਜੋਂ ਲਿਆ। ਕੁੱਝ ਨੇ ਦੱਸਿਆ ਕਿ ਅਜਿਹੇ ਮਰੀਜ਼ਾਂ ਨੂੰ ‘ਸ਼ੱਕੀ’ ਦੇ ਵਰਗ ਵਿੱਚ ਪਾਇਆ ਜਾਂਦਾ ਹੈ। ਸਿਵਿਆਂ ਦੇ ਦ੍ਰਿਸ਼ ਦਿਲ ਹਿਲਾ ਦੇਣ ਵਾਲੇ ਹਨ ਤੇ ਉੱਥੋਂ ਕਾਲਾ ਧੂੰਆਂ ਉੱਠਦਾ ਦਿਖਾਈ ਦਿੰਦਾ ਹੈ। ਨਿਗਮ ਬੋਧ ਘਾਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਕਰੀਬ 20 ਲਾਸ਼ਾਂ ਦਾ ਸਸਕਾਰ ਕਰਨ ਦੇ ਪ੍ਰਬੰਧ ਹੀ ਸਨ ਪਰ ਹੁਣ ਰੋਜ਼ਾਨਾ 60-70 ਲਾਸ਼ਾਂ ਫੂਕੀਆਂ ਜਾ ਰਹੀਆਂ ਹਨ।
ਸਸਕਾਰ ਲਈ ਕਰਨੀ ਪੈ ਰਹੀ ਹੈ 20 ਘੰਟੇ ਉਡੀਕ
ਕੌਮੀ ਰਾਜਧਾਨੀ ਅੰਦਰ ਸਿਵਿਆਂ ਵਿੱਚ ਕਰੋਨਾਵਾਇਰਸ ਕਾਰਨ ਮਰੇ ਲੋਕਾਂ ਦੇ ਸਸਕਾਰ ਲਈ 20 ਘੰਟੇ ਦੀ ਉਡੀਕ ਕਰਨੀ ਪੈ ਰਹੀ ਹੈ। ਸੁਭਾਸ਼ ਨਗਰ ਦੇ ਸ਼ਮਸ਼ਾਨ ਘਾਟ ਵਿੱਚ ਲਾਸ਼ਾਂ ਇਕ ਦਾਇਰੇ ਵਿੱਚ ਰੱਖੀਆਂ ਗਈਆਂ ਤੇ ਵਾਰੀ ਸਿਰ ਸਸਕਾਰ ਕੀਤਾ ਗਿਆ। ਸਰਕਾਰੀ ਅੰਕੜਿਆਂ ਮੁਤਾਬਕ ਇਸ ਮਹੀਨੇ 3601 ਲੋਕਾਂ ਦੀ ਮੌਤ ਹੋਈ ਹੈ ਤੇ ਬੀਤੇ 7 ਦਿਨਾਂ ਦੌਰਾਨ ਹੀ 2267 ਲੋਕਾਂ ਦੀ ਜਾਨ ਕਰੋਨਾ ਨੇ ਲਈ ਹੈ। ਫਰਵਰੀ 2021 ਵਿੱਚ 57 ਮੌਤਾਂ ਤੇ ਮਾਰਚ ਵਿੱਚ 117 ਲੋਕ ਕਰੋਨਾ ਕਾਰਨ ਮਾਰੇ ਗਏ ਸਨ।