ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਮਈ
ਦਿੱਲੀ ਦੇ ਦੱਖਣੀ ਹਿੱਸੇ ਦੇ ਨੀਮ ਪਹਾੜੀ ਇਲਾਕੇ ਛਤਰਪੁਰ ’ਚ ਇੰਡੋ-ਤਬਿਤੀਅਨ ਬਾਰਡਰ ਪੁਲੀਸ (ਆਈਟੀਬੀਪੀ) ਵੱਲੋਂ ਚਲਾਏ ਜਾ ਰਹੇ ਸਰਦਾਰ ਪਟੇਲ ਕੋਵਿਡ ਕੇਅਰ ਸੈਂਟਰ ਵਿੱਚ ਬਾਂਦਰਾਂ ਵੱਲੋਂ ਮਰੀਜ਼ਾਂ ਦੇ ਇਲਾਜ ਵਿੱਚ ਪਾਏ ਜਾ ਰਹੇ ਵਿਘਨ ਨੂੰ ਰੋਕਣ ਲਈ ਲੰਗੂਰਾਂ ਦੇ ਕੰਪਿਊਟਰ ਨਾਲ ਬਣਾਏ ‘ਕੱਟਆਊਟ’ ਟੰਗੇ ਗਏ ਹਨ।
ਇਸ ਨੀਮ ਪਹਾੜੀ ਇਲਾਕੇ ਵਿੱਚ ਬਾਂਦਰਾਂ ਦੀ ਬਹੁਤਾਦ ਹੈ ਤੇ ਉਹ ਡਾਕਟਰੀ ਸੇਵਾਵਾਂ ਵਿੱਚ ਲੱਗੇ ਲੋਕਾਂ ਤੇ ਸੈਂਟਰ ਵਿੱਚ ਨਾ ਵੜ ਜਾਣ ਇਸ ਲਈ ਲੰਗੂਰਾਂ ਦੀਆਂ ਤਸਵੀਰਾਂ ਥਾਂ-ਥਾਂ ਲਾਈਆਂ ਹਨ। ਦੱਸਿਆ ਗਿਆ ਹੈ ਕਿ ਬਾਂਦਰ ਪੀਪੀਈ ਕਿੱਟਾਂ ਪਾ ਕੇ ਸੈਂਟਰ ਵਿੱਚ ਵਿਚਰਦੇ ਲੋਕਾਂ ਉਪਰ ਹਮਲਾ ਕਰਦੇ ਹਨ ਤੇ ਗੁੱਸੇ ਹੋ ਕੇ ਉਨ੍ਹਾਂ ਨੂੰ ਤੰਗ ਕਰਦੇ ਹਨ। ਲੋਕ ਬਾਂਦਰਾਂ ਤੋਂ ਕਾਫ਼ੀ ਪ੍ਰੇਸ਼ਾਨ ਹਨ।
ਸੂਤਰਾਂ ਮੁਤਾਬਕ ਜੋ ‘ਕੱਟਆਊਟ’ ਲਾਏ ਹੋਏ ਹਨ ਉਹ ਛੇਤੀ-ਛੇਤੀ ਥਾਂ ਬਦਲ ਕੇ ਮੁੜ ਲਾਏ ਜਾਂਦੇ ਹਨ ਤੇ ਇਸ ਤਰ੍ਹਾਂ ਉਨ੍ਹਾਂ ਦੇ ਨਿਰਜੀਵ ਹੋਣ ਦਾ ਪਤਾ ਬਾਂਦਰਾਂ ਨੂੰ ਨਹੀਂ ਲੱਗਦਾ ਤੇ ਬਾਂਦਰ ਇਸ ਭੁਲੇਖੇ ਵਿੱਚ ਰਹਿੰਦੇ ਹਨ ਕਿ ਲੰਗੂਰ ਜ਼ਿੰਦਾ ਹਨ। ਜ਼ਿਕਰਯੋਗ ਹੈ ਕਿ ਨਵੀਂ ਦਿੱਲੀ ਨਗਰ ਪ੍ਰੀਸ਼ਦ ਦੇ ਅਧੀਨ ਸੰਸਦ ਭਵਨ ਦੇ ਨੇੜੇ ਦੇ ਇਲਾਕੇ ਵਿੱਚੋਂ ਵੀ ਬਾਂਦਰਾਂ ਨੂੰ ਭਜਾਉਣ ਲਈ ਜ਼ਿੰਦਾ ਲੰਗੂਰ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਹਨ ਕਿਉਂਕਿ ਇਹ ਲੰਗੂਰ ਬਾਂਦਰਾਂ ਦੇ ਪਿੱਛੇ ਪੈ ਕੇ ਉਨ੍ਹਾਂ ਨੂੰ ਭਜਾ ਦਿੰਦੇ ਹਨ।