ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 17 ਸਤੰਬਰ
ਭਾਰਤੀ ਯੂਥ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਦੇਸ਼ ਭਰ ਵਿੱਚ ‘ਕੌਮੀ ਬੇਰੁਜ਼ਗਾਰ ਦਿਵਸ’ ਵਜੋਂ ਮਨਾਇਆ ਹੈ। ਇਸ ਮੌਕੇ ਯੂਥ ਕਾਂਗਰਸ ਦੇ ਵਰਕਰਾਂ ਵੱਲੋਂ ਦਿੱਲੀ ਵਿੱਚ ਯੂਥ ਕਾਂਗਰਸ ਦੇ ਕੌਮੀ ਦਫ਼ਤਰ ਅੱਗੇ ਬੇਰੁਜ਼ਗਾਰ ਮੇਲਾ ਲਗਾਇਆ ਗਿਆ, ਜਿਥੇ ਕਾਰਕੁਨਾਂ ਨੇ ਵੱਖ-ਵੱਖ ਸਟਾਲਾਂ ਲਗਾ ਕੇ ਰੋਸ ਪ੍ਰਗਟਾਇਆ। ਇਸ ਮੌਕੇ ਭਾਰਤੀ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਬੀਵੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਦੇਸ਼ ਦੇ ਨੌਜਵਾਨਾਂ ਲਈ ਬੇਰੁਜ਼ਗਾਰੀ ਦਾ ਤੋਹਫ਼ਾ ਲੈ ਕੇ ਆਈ ਹੈ। ਇਸੇ ਲਈ ਅੱਜ ਦੇਸ਼ ਦੇ ਬੇਰੁਜ਼ਗਾਰ ਨੌਜਵਾਨ ਉਨ੍ਹਾਂ ਦੇ ਜਨਮ ਦਿਨ ਨੂੰ ‘ਕੌਮੀ ਬੇਰੁਜ਼ਗਾਰ ਦਿਵਸ’ ਵਜੋਂ ਮਨਾ ਰਹੇ ਹਨ।
ਪ੍ਰਧਾਨ ਬੀਵੀ ਨੇ ਕਿਹਾ ਕਿ ਭਾਰਤ ਅੰਦਰ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀ ਆਬਾਦੀ ਹੈ ਤੇ ਇਸ ਵਿੱਚੋਂ 60 ਫ਼ੀਸਦ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ, ਜਿਨ੍ਹਾਂ ਦੀ ਉਮਰ 20 ਸਾਲ ਹੈ। 24 ਤੋਂ 24 ਸਾਲ ਦੀ ਉਮਰ ਦੇ 42 ਫ਼ੀਸਦ ਨੌਜਵਾਨ ਬੇਰੁਜ਼ਗਾਰ ਹਨ, ਜੋ ਕਿ ਬਹੁਤ ਹੀ ਡਰਾਉਣੀ ਸਥਿਤੀ ਹੈ। ਅੱਜ ਦੇਸ਼ ਭਰ ਵਿੱਚ 45 ਸਾਲਾਂ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਹੈ ਪਰ ਮੋਦੀ ਸਰਕਾਰ ਸਿਰਫ਼ ਤੇ ਸਿਰਫ਼ ‘ਅਸੀਂ ਦੋ, ਸਾਡੇ ਦੋ’ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੂੰ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਦੀਆਂ ਮੁਸ਼ਕਲਾਂ ਨਜ਼ਰ ਨਹੀਂ ਆ ਰਹੀਆਂ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਅਧੀਨ ਦੇਸ਼ ਅੱਜ ਆਰਥਿਕ ਮੰਦੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਦੇਸ਼ ਵਿੱਚ ਬੇਰੁਜ਼ਗਾਰੀ ਦਰ 8.3 ਫ਼ੀਸਦ ਹੈ, ਜੋ ਕਿ ਇੱਕ ਨੌਜਵਾਨ ਰਾਸ਼ਟਰ ਲਈ ਇਸ ਤੋਂ ਵੀ ਵੱਧ ਖਤਰਨਾਕ ਸਥਿਤੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦਾ ਨੌਜਵਾਨ ਨਿਰਾਸ਼ ਹੈ, ਮੋਦੀ ਜੀ ਨੇ ਦੇਸ਼ ਦੇ ਨੌਜਵਾਨਾਂ ਨੂੰ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਉਸ ਅਨੁਸਾਰ ਅੱਜ ਦੇਸ਼ ਵਿੱਚ 16 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਸੀ ਪਰ ਹਕੀਕਤ ਇਹ ਹੈ ਕਿ 16 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਿਆ ਪਰ 22 ਕਰੋੜ ਲੋਕਾਂ ਦੀਆਂ ਅਰਜ਼ੀਆਂ ਜ਼ਰੂਰ ਆਈਆਂ ਅਤੇ ਇਨ੍ਹਾਂ ਵਿੱਚੋਂ ਸਿਰਫ਼ 7 ਲੱਖ ਲੋਕਾਂ ਨੂੰ ਰੁਜ਼ਗਾਰ ਮਿਲਿਆ। ਇਸੇ ਕਰਕੇ ਅੱਜ ਦੇਸ਼ ਦਾ ਨੌਜਵਾਨ ਕੌਮੀ ਬੇਰੁਜ਼ਗਾਰ ਦਿਵਸ ਮਨਾਉਣ ਲਈ ਮਜਬੂਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਦੇਸ਼ ਦੇ ਨੌਜਵਾਨਾਂ ਦੇ ਰੁਜ਼ਗਾਰ ਲਈ ਚਿੰਤਤ ਨਹੀਂ ਹਨ ਪਰ ਉਹ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ ਦੇ ਰੁਜ਼ਗਾਰ ਲਈ ਚਿੰਤਤ ਹਨ।
ਉਨ੍ਹਾਂ ਕਿਹਾ ਕਿ ਦੇਸ਼ ਦਾ ਹਰ ਛੇਵਾਂ ਗ੍ਰੈਜੂਏਟ ਬੇਰੁਜ਼ਗਾਰ ਹੈ। 8 ਸਾਲਾਂ ’ਚ 22 ਕਰੋੜ ਲੋਕਾਂ ਨੇ ਕੇਂਦਰ ਸਰਕਾਰ ਦੀਆਂ ਨੌਕਰੀਆਂ ਲਈ ਅਪਲਾਈ ਕੀਤਾ। ਮੋਦੀ ਸਰਕਾਰ 1 % ਲੋਕਾਂ ਨੂੰ ਵੀ ਨੌਕਰੀ ਨਹੀਂ ਦੇ ਸਕੀ। ਇਸ ਸਮੇਂ ਬੇਰੁਜ਼ਗਾਰੀ ਦੀ ਦਰ ਪਿਛਲੇ ਇੱਕ ਸਾਲ ਦੇ ਸਭ ਤੋਂ ਉੱਚੇ ਪੱਧਰ ’ਤੇ ਹੈ। ਸਿਰਫ਼ ਅਗਸਤ ਮਹੀਨੇ ਵਿੱਚ ਹੀ 20 ਲੱਖ ਨੌਕਰੀਆਂ ਚਲੀਆਂ ਗਈਆਂ। ਕੇਂਦਰ ਅਤੇ ਸੂਬਿਆਂ ’ਚ 60 ਲੱਖ ਅਸਾਮੀਆਂ ਖਾਲੀ ਹਨ, ਸਰਕਾਰ ਇਸ ’ਤੇ ਕੁਝ ਕਿਉਂ ਨਹੀਂ ਕਰ ਰਹੀ? ਰੁਜ਼ਗਾਰ ਪੈਦਾ ਕਰਨ ਵਾਲੇ ਐੱਮਐੱਸਐੱਮਈ ਸੈਕਟਰ ਲਈ ਕੇਂਦਰ ਸਰਕਾਰ ਕੋਲ ਕੀ ਯੋਜਨਾ ਹੈ?
ਇਸ ਮੌਕੇ ਭਾਰਤੀ ਯੂਥ ਕਾਂਗਰਸ ਦੇ ਕੌਮੀ ਸਕੱਤਰ ਤੇ ਦਿੱਲੀ ਦੇ ਸਹਿ ਇੰਚਾਰਜ ਖੁਸ਼ਬੂ ਸ਼ਰਮਾ, ਦਿੱਲੀ ਪ੍ਰਦੇਸ਼ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਸ਼ੁਭਮ ਸ਼ਰਮਾ ਸਮੇਤ ਕਈ ਯੂਥ ਕਾਂਗਰਸ ਵਰਕਰ ਹਾਜ਼ਰ ਸਨ।