ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 8 ਅਕਤੂਬਰ
ਵਾਇਰਲ ਹੋਏ ਬਾਬੇ ਦਾ ਢਾਬਾ ਦੇ ਵੀਡੀਓ ਮਗਰੋਂ ਸਿਆਸੀ ਆਗੂਆਂ ਸਮੇਤ ਬਾਲੀਬੁੱਡ ਅਦਾਕਾਰਾਂ ਨੇ ਇਸ ਢਾਬੇ ਨੂੰ ਚਲਾਉਣ ਵਾਲੇ ਕਾਂਤਾ ਪ੍ਰਸ਼ਾਦ ਤੇ ਉਸ ਦੀ ਪਤਨੀ ਬਾਦਾਮੀ ਦੇਵੀ ਪ੍ਰਤੀ ਹਮਦਰਦੀ ਦਿਖਾਉਣ ਮਗਰੋਂ ਢਾਬੇ ਵਾਲੇ ਦਾ ਸਾਰਾ ਖਾਣਾ ਵਿਕ ਗਿਆ। ਦਿੱਲੀ ਦੇ ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਦਿੱਲੀ ਦਿਲ ਵਾਲਿਆਂ ਦੀ ਹੈ ਤੇ ਖਾਣਾ ਵਿਕ ਜਾਣ ‘ਤੇ ਖੁਸ਼ੀ ਪ੍ਰਗਟਾਈ। ਬਾਲੀਬੁੱਡ ਅਭਿਨੇਤਰੀਆਂ ਸੋਨਮ ਕਪੂਰ, ਰਵੀਨਾ ਟੰਡਨ ਤੇ ਕਲਾਕਾਰ ਰਣਦੀਪ ਹੁੱਡਾ ਵੱਲੋਂ ਵੀ ਬਾਬੇ ਦਾ ਸਮਰਥਨ ਕੀਤਾ ਗਿਆ। ਮਾਲਵੀਆ ਨਗਰ ਸਥਿਤ ਇਸ ਢਾਬੇ ਉਪਰ ਸਥਾਨਕ ‘ਆਪ’ ਵਿਧਾਇਕ ਸੋਮਨਾਥ ਭਾਰਤੀ ਵੀ ਪੁੱਜੇ ਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਕੁੱਝ ਤਸਵੀਰਾਂ ਦੀਆਂ ਸਾਂਝੀਆਂ ਕੀਤੀਆਂ ਜਿਨ੍ਹਾਂ ਨੂੰ ਸ੍ਰੀ ਕੇਜਰੀਵਾਲ ਨੇ ਅੱਗੇ ਤੋਰਿਆ। ਢਾਬੇ ਵਾਲੇ ਨੂੰ 2 ਲੱਖ ਰੁਪਏ ਤੋਂ ਵੱਧ ਦਾਨ ਮਿਲ ਚੁੱਕਾ ਸੀ। 80 ਸਾਲਾਂ ਪ੍ਰਸ਼ਾਦ ਦੇ 2 ਪੁੱਤਰ ਤੇ ਇਕ ਧੀ ਹੈ ਪਰ ਉਨ੍ਹਾਂ ਪਤੀ-ਪਤਨੀ ਨੂੰ ਹੀ ਸਵੇਰੇ ਤੋਂ ਸ਼ਾਮ ਤੱਕ ਕੰੰਮ ਕਰਨਾ ਪੈਂਦਾ ਹੈ। ਰਾਤ ਵੀ ਇੱਥੇ ਹੀ ਕੱਟਦੀ ਹੈ। ਲੌਕਡਾਊਨ ਮਗਰੋਂ ਉਸ ਦੇ ਢਾਬੇ ਦੀ ਗਾਹਕੀ ਘਟ ਗਈ। ਬੀਤੇ ਦਿਨ ਉਨ੍ਹਾਂ ਦਾ ਰੋਂਦਿਆਂ ਦਾ ਵੀਡੀਓ ਵਾਇਰਲ ਹੋਣ ਮਗਰੋਂ ਕਈ ਹੱਥ ਮਦਦ ਲਈ ਬਹੁੜ ਪਏ। ਗਾਹਕਾਂ ਦੀ ਕਤਾਰ ਲੱਗੀ ਤੇ 2 ਲੱਖ ਦਾ ਦਾਨ ਵੀ ਮਿਲ ਗਿਆ।