ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਸਤੰਬਰ
ਭਾਰਤੀ ਜਨਤਾ ਪਾਰਟੀ ਨੇ ਅੱਜ ਇੱਕ ਕਥਿਤ ਸਟਿੰਗ ਸਾਂਝਾ ਕਰ ਕੇ ਦੋਸ਼ ਲਗਾਏ ਕਿ ਦਿੱਲੀ ਵਿੱਚ ‘ਆਪ’ ਸਰਕਾਰ ਨੇ ਕੁਝ ਚਹੇਤਿਆਂ ਦੀ ਮਦਦ ਕਰਨ ਲਈ ਆਪਣੀ ਆਬਕਾਰੀ ਨੀਤੀ ਤਿਆਰ ਕੀਤੀ ਅਤੇ ਕਥਿਤ ਭ੍ਰਿਸ਼ਟਾਚਾਰ ਰਾਹੀਂ ਕਮਾਏ ਪੈਸੇ ਦੀ ਵਰਤੋਂ ਗੋਆ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਮੁਹਿੰਮ ਨੂੰ ਫੰਡ ਦੇਣ ਲਈ ਕੀਤੀ।
ਇੱਥੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਭਾਜਪਾ ਦੇ ਕੌਮੀ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ, ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਅਤੇ ਪਾਰਟੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਕ ਕਥਿਤ ਸਟਿੰਗ ਦਿਖਾਇਆ, ਜਿਸ ਵਿੱਚ ਸ਼ਰਾਬ ਦੇ ਕਾਰੋਬਾਰ ਨਾਲ ਜੁੜਿਆ ਇੱਕ ਵਿਅਕਤੀ ਦਾਅਵਾ ਕਰ ਰਿਹਾ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠਲੀ ਸਰਕਾਰ ਨੇ ਕੁਝ ਲੋਕਾਂ ਦੀ ਮਦਦ ਕਰਨ ਅਤੇ ਲੋਕਾਂ ਦੇ ਬਾਜ਼ਾਰ ’ਤੇ ਏਕਾਧਿਕਾਰ ਲਈ ਜਾਣਬੁੱਝ ਕੇ ਛੋਟੇ ਖਿਡਾਰੀਆਂ ਨੂੰ ਆਪਣੀ ਆਬਕਾਰੀ ਨੀਤੀ ਤੋਂ ਬਾਹਰ ਰੱਖਿਆ ਜੋ ਕਿ ਹੁਣ ਰੱਦ ਕਰ ਦਿੱਤੀ ਗਈ ਹੈ। ਸ੍ਰੀ ਤ੍ਰਿਵੇਦੀ ਨੇ ਕਿਹਾ ਕਿ ਕੇਜਰੀਵਾਲ ਨੂੰ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਇਹ ਪੈਸਾ ਗੋਆ ਤੇ ਪੰਜਾਬ ਦੀਆਂ ਚੋਣਾਂ ਲਈ ਵਰਤਿਆ ਗਿਆ ਹੈ। ਤ੍ਰਿਵੇਦੀ ਨੇ ਕਿਹਾ ਕਿ ਸਟਿੰਗ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਨੀਤੀ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਲਈ ਸੀਬੀਆਈ ਵੱਲੋਂ ਦਰਜ ਕੀਤੇ ਗਏ ਕੇਸ ਵਿੱਚ ਮੁਲਜ਼ਮ ਹੈ। ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ‘ਆਪ’ ਸਰਕਾਰ ਨੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਵਪਾਰ ਨਾਲ ਜੁੜੇ ਨਕਦੀ ਦੇ ਪ੍ਰਵਾਹ ਨੂੰ ਸਿਰਫ਼ ਕੁਝ ਲੋਕ ਹੀ ਕੰਟਰੋਲ ਕਰਨ।
ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਦੋਸ਼ ਲਾਇਆ ਕਿ ਇਹ ਭ੍ਰਿਸ਼ਟਾਚਾਰ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਲੋਕਾਂ ਨੂੰ ਕਹਿੰਦੇ ਸਨ ਕਿ ਉਨ੍ਹਾਂ ਕੋਲੋਂ ਗੈਰ-ਕਾਨੂੰਨੀ ਤਰੀਕੇ ਨਾਲ ਪੈਸੇ ਮੰਗਣ ਵਾਲਿਆਂ ਦਾ ਸਟਿੰਗ ਕਰੋ ਅਤੇ ਉਹ ਦੋਸ਼ੀਆਂ ਖਿਲਾਫ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਜਾਂ ਉਨ੍ਹਾਂ ਨੂੰ ਆਪਣੇ ਬਿਆਨ ਲਈ ਮੁਆਫੀ ਮੰਗਣੀ ਚਾਹੀਦੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦਾ ਚਰਿੱਤਰ ਦਰਸਾਉਂਦਾ ਹੈ ਕਿ ਇਸ ਦੀ ਰਾਜਨੀਤੀ ‘ਕਮਿਸ਼ਨ’ ਬਾਰੇ ਹੈ। ਉਨ੍ਹਾਂ ਕਿਹਾ ਕਿ ਆਬਕਾਰੀ ਨੀਤੀ ਤੋਂ ਲਾਭ ਲੈਣ ਵਾਲਿਆਂ ਨੇ ਵੀ ਇਸ ਨੂੰ ਤਿਆਰ ਕੀਤਾ, ਸਟਿੰਗ ਪਹਿਲਾਂ ਹੀ ਜਨਤਕ ਖੇਤਰ ਵਿੱਚ ਸੀ ਤੇ ਭਾਜਪਾ ਵੱਲੋਂ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸਿਰਫ਼ ਇਸ ਨੂੰ ਸਾਂਝਾ ਕੀਤਾ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ‘ਆਪ’ ਨੇ ਵਾਰ-ਵਾਰ ਦਾਅਵਾ ਕੀਤਾ ਹੈ ਕਿ ਆਬਕਾਰੀ ਨੀਤੀ ਬੋਰਡ ਤੋਂ ਉੱਪਰ ਹੈ ਅਤੇ ਭਾਜਪਾ ਸਿਆਸੀ ਕਾਰਨਾਂ ਕਰ ਕੇ ਉਨ੍ਹਾਂ ਦੀ ਸਰਕਾਰ ਨੂੰ ਨਿਸ਼ਾਨਾ ਬਣਾਉਣ ਲਈ ਜਾਂਚ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ।