ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 20 ਅਕਤੂਬਰ
ਫਰੀਦਾਬਾਦ ਨਗਰ ਨਿਗਮ ਦੀ ਆਰਥਿਕ ਹਾਲਤ ਕਾਫ਼ੀ ਮਾੜੀ ਹੋ ਗਈ ਹੈ ਤੇ ਇਸ ਦੇ ਕਰੋੜਾਂ ਰੁਪਏ ਹੋਰ ਸਰਕਾਰੀ ਮਹਿਕਮਿਆਂ ਵਿੱਚ ਬਕਾਇਆ ਹੋਣ ਦੇ ਬਾਵਜੂਦ ਨਿਗਮ ਨੂੰ ਇਹ ਰਕਮ ਅਜੇ ਤੱਕ ਨਹੀਂ ਮਿਲੀ ।
ਜ਼ਿਲ੍ਹੇ ਵਿੱਚ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੇ ਕੁੱਲ ਮਿਲਾ ਕੇ ਅਜਿਹੇ 32 ਮਹਿਕਮੇ ਹਨ, ਜੋ ਨਿਗਮ ਦੇ ਕਰਜ਼ਾਈ ਹੋ ਚੁੱਕੇ ਹਨ ਤੇ ਉਨ੍ਹਾਂ ਵੱਲੋਂ ਨਿਗਮ ਦਾ ਜਾਇਦਾਦ ਕਰ (ਟੈਕਸ) ਕਈ ਸਾਲਾਂ ਤੋਂ ਅਦਾ ਨਹੀਂ ਕੀਤਾ ਗਿਆ। ਦੱਸਣਯੋਗ ਹੈ ਕਿ ਰਾਜ ਸਰਕਾਰ ਦੇ ਬਿਜਲੀ ਮਹਿਕਮੇ (ਡੀਐੱਚਬੀਪੀਐਨ) ਵੱਲ ਸਭ ਤੋਂ ਵੱਧ 9 ਕਰੋੜ 45 ਲੱਖ ਰੁਪਏ ਦੀ ਦੇਣਦਾਰੀ ਖੜ੍ਹੀ ਹੈ। ਕੁੱਲ ਰਕਮ 25 ਕਰੋੜ 58 ਲੱਖ ਰੁਪਏ ਹੈ। ਪੁਲੀਸ ਮਹਿਕਮਾ, ਹੁੱਡਾ, ਪੀਡਬਲਿਊਡੀ, ਪੰਚਾਇਤ ਮਹਿਕਮਾ, ਜ਼ਿਲ੍ਹਾ ਪ੍ਰਸ਼ਾਸਨ ਦਾ ਸੈਕਟਰ-12 ਦਾ ਦਫ਼ਤਰ, ਰਾਜਾ ਨਾਹਰ ਸਿੰਘ ਮਹਿਲ, ਖੇਡ ਮਹਿਕਮਾ, ਵਿੱਤ ਮਹਿਕਮਾ, ਖੁਰਾਕ ਮਹਿਕਮਾ, ਸਨਅਤ ਮਹਿਕਮਾ ਤੇ ਛੋਟੇ ਮਹਿਕਮੇ ਦੇਣਦਾਰੀ ਵਾਲੇ ਹਨ। ਕੇਂਦਰ ਸਰਕਾਰ ਦਾ ਡਾਕ ਮਹਿਕਮਾ, ਬੀਐੱਸਐੱਨਐੱਲ, ਕਸਟਮ ਅਕਾਦਮੀ, ਸਟੇਟ ਬੈਂਕ ਆਫ਼ ਇੰਡੀਆ, ਭੂਜਲ ਭਵਨ, ਸੀਆਈਐੱਲ, ਟੀਆਈਟੀ ਤੇ ਹੋਰ ਕੇਂਦਰੀ ਮਹਿਕਮੇ ਅਜਿਹੇ ਹਨ, ਜੋ ਅਜੇ ਤੱਕ ਨਿਗਮ ਦੇ ਕਰਾਂ ਦੀ ਅਦਾਇਗੀ ਨਹੀਂ ਕਰ ਸਕੇ। ਜਾਣਕਾਰੀ ਮੁਤਾਬਿਕ ਕੇਂਦਰੀ ਮਹਿਕਮਿਆਂ ਵੱਲ 19 ਕਰੋੜ 95 ਲੱਖ ਟੈਕਸ ਬਕਾਇਆ ਹੈ। ਉਧਰ ਨਗਰ ਨਿਗਮ ਕਮਿਸ਼ਨਰ ਡਾ. ਯਸ਼ ਗਰਗ ਨੇ ਕਿਹਾ ਕਿ ਜਿਨ੍ਹਾਂ ਸਰਕਾਰੀ ਮਹਿਕਮਿਆਂ ਨੇ ਬਕਾਇਆ ਨਹੀਂ ਦਿੱਤਾ ਉਨ੍ਹਾਂ ਦੀ ਸੂਚੀ ਬਣਾ ਕੇ ਨੋਟਿਸ ਭੇਜੇ ਜਾਣਗੇ।