ਨਵੀਂ ਦਿੱਲੀ: ਦਿੱਲੀ ਆਈਜੀਆਈ ਹਵਾਈ ਅੱਡੇ ਦੇ ਟਰਮੀਨਲ-1 ਨੇੜੇ ਇੱਕ ਉਸਾਰੀ ਵਾਲੀ ਥਾਂ ਤੋਂ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਛੇ ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਐਤਵਾਰ ਨੂੰ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਵਿਕਾਸ (30) ਤੇ ਮਨੋਜ (19) ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਇਹ ਘਟਨਾ 6 ਅਕਤੂਬਰ ਦੀ ਹੈ। ਪੁਲੀਸ ਦੇ ਡਿਪਟੀ ਕਮਿਸ਼ਨਰ (ਆਈਜੀਆਈ ਏਅਰਪੋਰਟ) ਤਨੂ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਵਿਕਾਸ ਤੇ ਮਨੋਜ ਨੂੰ ਸਫ਼ਦਰਜੰਗ ਹਸਪਤਾਲ ਲਿਆਂਦਾ ਗਿਆ ਸੀ ਜਦੋਂ ਉਹ ਢੇਰ ਤੋਂ ਡਿੱਗ ਗਏ ਸਨ। ਉਨ੍ਹਾਂ ਦੱਸਿਆ ਕਿ ਵਿਕਾਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਮਨੋਜ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਛੇ ਜ਼ਖ਼ਮੀ ਮਜ਼ਦੂਰ ਇਸ ਸਮੇਂ ਹਸਪਤਾਲ ਵਿੱਚ ਇਲਾਜ ਅਧੀਨ ਹਨ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਐਲ ਐਂਡ ਟੀ ਦੀ ਉਸਾਰੀ ਵਾਲੀ ਥਾਂ ‘ਤੇ ਟਰਮੀਨਲ-1 ਦੀ ਨੋਡ ਬਿਲਡਿੰਗ ’ਤੇ ਠੇਕੇਦਾਰ ਮਿੰਟੂ ਯਾਦਵ ਦੀ ਅਗਵਾਈ ਹੇਠ ‘ਸਕੈਫੋਲਡਿੰਗ’ ਦਾ ਕੰਮ ਕੀਤਾ ਜਾ ਰਿਹਾ ਸੀ। ਡੀਸੀਪੀ ਨੇ ਕਿਹਾ ਕਿ ਠੇਕੇਦਾਰ ਦੇ ਖਿਲਾਫ ਕੇਸ ਦਰਜ ਕੀਤਾ ਹੈ ਤੇ ਜਾਂਚ ਜਾਰੀ ਹੈ। -ਪੱਤਰ ਪ੍ਰੇਰਕ