ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਫਰਵਰੀ
ਪ੍ਰਦੇਸ਼ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਵਾਲੀ ਨਗਰ ਨਿਗਮ ਆਪਣੇ ਸਫ਼ਾਈ ਕਰਮਚਾਰੀਆਂ ਨੂੰ ਵੱਡਾ ਤੋਹਫਾ ਦੇਣ ਜਾ ਰਹੀ ਹੈ। ਭਾਜਪਾ ਦੇ ਸ਼ਾਸਨ ਵਾਲੇ ਤਿੰਨ ਨਿਗਮਾਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ 16346 ਸਵੀਪਰਾਂ ਨੂੰ ਰੈਗੂਲਰ ਕਰਨਗੇ ਅਤੇ ਆਉਣ ਵਾਲੇ ਸਮੇਂ ਵਿੱਚ ਇੱਕ ਪ੍ਰੋਗਰਾਮ ਉਲੀਕ ਕੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਦੇਣ ਦਾ ਕੰਮ ਕੀਤਾ ਜਾਵੇਗਾ। ਅੱਜ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਦੇਸ਼ ਗੁਪਤਾ ਨੇ ਕਿਹਾ ਕਿ ਦਿੱਲੀ ਨੂੰ ਸਾਫ਼-ਸੁਥਰਾ ਰੱਖਣ ਵਿੱਚ ਸਫ਼ਾਈ ਕਰਮਚਾਰੀਆਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਪ੍ਰੈੱਸ ਕਾਨਫਰੰਸ ਵਿੱਚ ਉੱਤਰੀ ਦਿੱਲੀ ਨਗਰ ਨਿਗਮ ਦੇ ਮੇਅਰ ਸਰਦਾਰ ਰਾਜਾ ਇਕਬਾਲ ਸਿੰਘ, ਪੂਰਬੀ ਦਿੱਲੀ ਨਗਰ ਨਿਗਮ ਦੇ ਮੇਅਰ ਸ਼ਿਆਮ ਸੁੰਦਰ ਅਗਰਵਾਲ, ਦੱਖਣੀ ਦਿੱਲੀ ਨਗਰ ਨਿਗਮ ਦੀ ਸਥਾਈ ਕਮੇਟੀ ਦੇ ਚੇਅਰਮੈਨ ਲੈਫ਼. ਕਰਨਲ ਬੀ.ਕੇ.ਓਬਰਾਏ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਉੱਤਰੀ ਦਿੱਲੀ ਨਗਰ ਨਿਗਮ ਵੱਲੋਂ 975 ਸਫ਼ਾਈ ਸੇਵਕਾਂ ਨੂੰ ਰੈਗੂਲਰ ਕੀਤਾ ਗਿਆ ਹੈ ਜਦਕਿ 6646 ਸਫ਼ਾਈ ਸੇਵਕਾਂ ਨੂੰ ਰੈਗੂਲਰ ਕੀਤਾ ਜਾਣਾ ਹੈ। ਦੱਖਣੀ ਦਿੱਲੀ ਮਿਉਂਸਪਲ ਕਾਰਪੋਰੇਸ਼ਨ ਵੱਲੋਂ 400 ਸਫ਼ਾਈ ਸੇਵਕਾਂ ਨੂੰ ਰੈਗੂਲਰ ਕੀਤਾ ਜਾ ਚੁੱਕਾ ਹੈ ਜਦਕਿ 1489 ਸਫ਼ਾਈ ਸੇਵਕਾਂ ਨੂੰ ਅਜੇ ਰੈਗੂਲਰ ਕੀਤਾ ਜਾਣਾ ਬਾਕੀ ਹੈ। ਦੂਜੇ ਪਾਸੇ ਪੂਰਬੀ ਦਿੱਲੀ ਮਿਉਂਸਿਪਲ ਕਾਰਪੋਰੇਸ਼ਨ ਵੱਲੋਂ 5136 ਸਫ਼ਾਈ ਸੇਵਕਾਂ ਨੂੰ ਰੈਗੂਲਰ ਕੀਤਾ ਗਿਆ ਸੀ ਜਦਕਿ 1700 ਸਫ਼ਾਈ ਸੇਵਕਾਂ ਨੂੰ ਰੈਗੂਲਰ ਕੀਤਾ ਜਾਣਾ ਬਾਕੀ ਹੈ। ਜੇਕਰ ਦਿੱਲੀ ਦੀਆਂ ਗਲੀਆਂ, ਸੜਕਾਂ ਸਾਫ਼ ਹੋਣ ਅਤੇ ਰੋਜ਼ਾਨਾ 10,000 ਟਨ ਕੂੜਾ ਸਾਫ਼ ਕੀਤਾ ਜਾਵੇ ਤਾਂ ਇਹ ਇਨ੍ਹਾਂ ਸਫ਼ਾਈ ਕਰਮਚਾਰੀਆਂ ਦੀ ਮਦਦ ਨਾਲ ਹੀ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ‘ਸਵੱਛ ਭਾਰਤ ਅਭਿਆਨ’ ਦੇ ਨਾਅਰੇ ਨੂੰ ਪੂਰਾ ਕਰਾਂਗੇ।
ਭਾਜਪਾ ਵੀ ‘ਆਪ’ ਦੇ ਰਾਹ ਚੱਲਦਿਆਂ ਵਾਅਦੇ ਕਰਨ ਲੱਗੀ: ਕਾਂਗਰਸ
ਨਵੀਂ ਦਿੱਲੀ: ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਦਿੱਲੀ ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਵੀ ‘ਆਪ’ ਦੇ ਰਾਹ ’ਤੇ ਚੱਲਣਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਨੇ ਨਿਗਮ ਚੋਣਾਂ ਨੂੰ ਮੁੱਖ ਰੱਖ ਕੇ ਤਿੰਨੋਂ ਨਿਗਮਾਂ ਵਿੱਚ 1700 ਆਰਜ਼ੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਐਲਾਨ ਕੀਤਾ ਹੈ ਜਦੋਂ ਕਿ ਪਿਛਲੇ 15 ਸਾਲਾਂ ਵਿੱਚ ਨਿਗਮਾਂ ਵਿੱਚ ਕੰਮ ਕਰਦੇ ਹਜ਼ਾਰਾਂ ਸਫਾਈ ਕਰਮਚਾਰੀ ਸਮੇਂ ਸਿਰ ਤਨਖਾਹਾਂ ਦੀ ਮੰਗ ਨੂੰ ਲੈ ਕੇ ਦਰਜਨਾਂ ਵਾਰ ਹੜਤਾਲ ਕਰ ਚੁੱਕੇ ਹਨ। ਉੱਥੇ ਉਹ ਇਸ ਸਮੇਂ ਰਾਜਧਾਨੀ ਵਿੱਚ ਦੋਹਰੇ ਇੰਜਣ ਵਾਲੀਆਂ ਸਰਕਾਰਾਂ ਕਾਰਨ ਨੌਜਵਾਨ ਬੇਰੁਜ਼ਗਾਰੀ ਦੇ ਸੰਕਟ ਨਾਲ ਜੂਝ ਰਹੇ ਹਨ। ਸ੍ਰੀ ਅਨਿਲ ਕੁਮਾਰ ਨੇ ਕਿਹਾ ਕਿ ਭਾਜਪਾ ਨੇ ਤਿੰਨੋਂ ਨਿਗਮਾਂ ਨੂੰ ਭ੍ਰਿਸ਼ਟਾਚਾਰ ਦਾ ਅੱਡਾ ਬਣਾ ਦਿੱਤਾ ਹੈ। ਕਈ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਅੱਜ ਵੀ ਨਿਗਮ ਹਸਪਤਾਲਾਂ ਦੇ ਡਾਕਟਰ, ਨਰਸਾਂ, ਪੈਰਾ ਮੈਡੀਕਲ ਸਟਾਫ਼ ਸਮੇਤ ਸਫ਼ਾਈ ਸੇਵਕਾਂ ਤੇ ਹੋਰ ਵਿਭਾਗਾਂ ਦੇ ਮੁਲਾਜ਼ਮ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ| ਸ੍ਰੀ ਅਨਿਲ ਕੁਮਾਰ ਨੇ ਕਿਹਾ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਇੱਕੋ ਸਿੱਕੇ ਦੇ ਦੋ ਪਹਿਲੂ ਹਨ