ਨਵੀਂ ਦਿੱਲੀ, 17 ਮਈ
ਦਿੱਲੀ ਦੇ ਸ਼ਾਸਤਰੀ ਪਾਰਕ ਖੇਤਰ ਵਿੱਚ ਅੱਜ ਝੁੱਗੀ-ਝੌਂਪੜੀਆਂ ‘ਚ ਅੱਗ ਲੱਗਣ ਕਾਰਨ ਲਗਪਗ 15 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਜਾਣਕਾਰੀ ਅਨੁਸਾਰ ਅੱਗ ਲੱਗਣ ਕਾਰਨ ਝੁੱਗੀਆਂ ਅੰਦਰ ਪਏ ਕਈ ਸਿਲੰਡਰਾਂ ‘ਚ ਧਮਾਕੇ ਹੋਏ ਤੇ ਅੱਗ ਹੋਰ ਜ਼ਿਆਦਾ ਫੈਲ ਗਈ। ਅੱਗ ਫੈਲਣ ਕਾਰਨ ਅੱਗ ਬੁਝਾਊ ਅਮਲੇ ਨੂੰ ਅੱਗ ‘ਤੇ ਕਾਬੂ ਪਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਦਿੱਲੀ ਫਾਇਰ ਸਰਵਿਸ (ਡੀਐੱਫਐੱਸ) ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਿਸੇ ਦੇ ਜਾਨੀ ਨੁਕਸਾਨ ਜਾਂ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਦੁਪਹਿਰ 12.10 ਵਜੇ ਮਿਲੀ ਤੇ 12 ਗੱਡੀਆਂ ਨੂੰ ਅੱਗ ਬੁਝਾਉਣ ਲਈ ਮੌਕੇ ‘ਤੇ ਭੇਜਿਆ ਗਿਆ। ਵਿਭਾਗ ਅਨੁਸਾਰ ਇਕ ਝੁੱਗੀ ਵਿੱਚ ਅੱਗ ਲੱਗੀ ਸੀ, ਜੋ ਨੇੜਲੀਆਂ ਹੋਰ ਝੁੱਗੀਆਂ ਵਿੱਚ ਫੈਲ ਗਈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਘਰੇਲੂ ਗੈਸ ਦੇ ਕਈ ਸਿਲੰਡਰਾਂ ਵਿੱਚ ਵੀ ਧਮਾਕੇ ਹੋਏ ਹਨ। ਇਸ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਅੱਗ ਵਿੱਚ ਲਗਪਗ 15 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਹਨ ਤੇ ਕਈ ਸਿਲੰਡਰਾਂ ‘ਚ ਵੀ ਧਮਾਕੇ ਹੋਏ ਹਨ। ਡੀਐਫਐਸ ਦੇ ਡਾਇਰੈਕਟਰ ਅਤੁਲ ਗਰਗ ਨੇ ਕਿਹਾ ਕਿ ਅੱਗ ਬੁਝਾਊ ਅਮਲੇ ਨੇ ਫਿਲਹਾਲ ਅੱਗ ‘ਤੇ ਪਾ ਲਿਆ ਹੈ, ਪਰ ਕਈ ਸਿਲੰਡਰਾਂ ਵਿੱਚ ਧਮਾਕਾ ਹੋਣ ਕਾਰਨ ਮੁਲਾਜ਼ਮਾਂ ਨੂੰ ਅੱਗ ਬੁਝਾਉਣ ‘ਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅਧਿਕਾਰੀਆਂ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨ ਦਾ ਲਗਾਇਆ ਜਾ ਰਿਹਾ ਹੈ। -ਪੀਟੀਆਈ
ਜੁੱਤੀਆਂ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗੀ਼
ਨਵੀਂ ਦਿੱਲੀ: ਉੱਤਰੀ ਦਿੱਲੀ ਦੇ ਨਰੇਲਾ ਖੇਤਰ ਵਿੱਚ ਜੁੱਤੀਆਂ ਬਣਾਉਣ ਵਾਲੀ ਇਕ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਫਿਲਹਾਲ ਅੱਗ ਕਾਰਨ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਫਾਇਰ ਵਿਭਾਗ ਨੂੰ ਕੱਲ੍ਹ ਦੇਰ ਰਾਤ ਅੱਗ ਲੱਗਣ ਦੀ ਸੂਚਨਾ ਮਿਲੀ। ਫਾਇਰ ਬ੍ਰਿਗੇਡ ਦੀਆਂ 20 ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਸਵੇਰੇ 7.15 ਵਜੇ ਅੱਗ ‘ਤੇ ਕਾਬੂ ਪਾਇਆ ਗਿਆ। -ਪੀਟੀਆਈ