ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਅਪਰੈਲ
ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਦੇ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਦਿੱਲੀ ਨਗਰ ਨਿਗਮ ਵਿੱਚ ਨੁਮਾਇੰਦਗੀ ਕਰਨ ਲਈ 14 ਵਿਧਾਇਕਾਂ ਨੂੰ ਨਾਮਜ਼ਦ ਕੀਤਾ ਗਿਆ, ਜੋ ਮੇਅਰ ਚੋਣਾਂ ਵਿੱਚ ਵੋਟ ਪਾਉਣ ਦੇ ਯੋਗ ਹੋਣਗੇ। ਵਿਧਾਨ ਸਭਾ ਦੇ ਨਾਮਜ਼ਦ ਮੈਂਬਰ (ਵਿਧਾਇਕ) ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਆਪਣੀ ਵੋਟ ਪਾਉਣਗੇ। ਨੋਟੀਫਿਕੇਸ਼ਨ ਅਨੁਸਾਰ ਭਾਜਪਾ ਵਿਧਾਇਕ ਓਮ ਪ੍ਰਕਾਸ਼ ਸ਼ਰਮਾ ਨੂੰ 26 ਅਪਰੈਲ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਵੋਟਿੰਗ ਲਈ ਨਾਮਜ਼ਦ ਕੀਤਾ ਗਿਆ ਹੈ, ਜਦੋਂਕਿ 13 ‘ਆਪ’ ਵਿਧਾਇਕਾਂ ਜਿਨ੍ਹਾਂ ਵਿੱਚ ਧਨਵਤੀ ਚੰਦੇਲਾ, ਅਜੈ ਦੱਤ, ਅਜੇਸ਼ ਯਾਦਵ, ਬੰਦਨਾ ਕੁਮਾਰੀ, ਦਲੀਪ ਕੁਮਾਰ ਪਾਂਡੇ, ਹਾਜੀ ਯੂਨਸ, ਪਵਨ ਸ਼ਰਮਾ, ਪ੍ਰਵੀਨ ਕੁਮਾਰ, ਪ੍ਰੀਤੀ ਜਿਤੇਂਦਰ ਤੋਮਰ, ਸ਼ਰਦ ਕੁਮਾਰ ਚੌਹਾਨ, ਸ਼ਿਵਚਰਨ ਗੋਇਲ, ਸੋਮ ਦੱਤ ਅਤੇ ਵਿਸ਼ੇਸ਼ ਰਵੀ ਚੋਣਾਂ ਵਿੱਚ ਆਪਣੀ ਵੋਟ ਪਾਉਣਗੇ। ਇਸ ਦੌਰਾਨ ਐੱਮਸੀਡੀ ਨੇ ਹਾਊਸ ਦੀ ਮੀਟਿੰਗ ਲਈ ਏਜੰਡਾ ਤਿਆਰ ਕੀਤਾ ਹੈ, ਜੋ ਨਿਗਮ ਦੇ ਨਵੇਂ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਲਈ ਚੋਣਾਂ ਕਰਵਾਏਗਾ। ਇਸ ਸਾਲ ਐੱਮਸੀਡੀ ਮੇਅਰ ਰਾਖਵੀਂ ਸ਼੍ਰੇਣੀ ਦੇ ਕੌਂਸਲਰ ’ਚੋਂ ਚੁਣਿਆ ਜਾਵੇਗਾ। ਆਦਰਸ਼ ਚੋਣ ਜ਼ਾਬਤੇ ਦੇ ਵਿਚਕਾਰ ਨਗਰ ਨਿਗਮ ਮੇਅਰ ਦੀ ਚੋਣ ਲਈ ਐੱਲਜੀ ਵਿਨੈ ਕੁਮਾਰ ਸਕਸੈਨਾ ਤੋਂ ਮਨਜ਼ੂਰੀ ਮਿਲਣੀ ਬਾਕੀ ਹੈ।