ਨਵੀਂ ਦਿੱਲੀ, 3 ਅਗਸਤ
ਦਿੱਲੀ ਪੁਲੀਸ ਨੇ ਸਰਕਾਰੀ ਅਧਿਕਾਰੀ ਬਣਕੇ ਪਰਵਾਸੀ ਭਾਰਤੀਆਂ ਨਾਲ ਠੱਗੀ ਮਾਰਨ ਲਈ ਫਰਜ਼ੀ ਕਾਲ ਸੈਂਟਰ ਚਲਾਉਣ ਦੇ ਦੋਸ਼ ਹੇਠ ਇਕ ਔਰਤ ਸਮੇਤ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਕਮਿਸ਼ਨਰ (ਦੱਖਣੀ-ਪੂਰਬੀ) ਈਸ਼ਾ ਪਾਂਡੇ ਨੇ ਦੱਸਿਆ ਕਿ ਪੁਲੀਸ ਨੂੰ ਇਕ ਫਰਜ਼ੀ ਕਾਲ ਸੈਂਟਰ ਬਾਰੇ ਸੂਚਨਾ ਮਿਲੀ ਸੀ , ਜੋ ਕਿ ਦਿੱਲੀ ਓਖਲਾ ਖੇਤਰ ਵਿੱਚ ਚੱਲ ਰਿਹਾ ਸੀ। ਇਸ ਮਗਰੋਂ ਪੁਲੀਸ ਨੇ ਕਾਲ ਸੈਂਟਰ ’ਤੇ ਛਾਪਾ ਮਾਰ ਕੇ 13 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 20 ਮੋਬਾਈਲ, 11 ਕੰਪਿਊਟਰ, ਇਕ ਵਾਈ ਫਾਈ ਸਣੇ ਹੋਰ ਸਾਮਾਨ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਪੁੱਛ-ਪੜਤਾਲ ਵਿੱਚ ਮੰਨਿਆ ਕਿ ਉਹ ਪਰਵਾਸੀ ਭਾਰਤੀਆਂ ਨਾਲ ਦੇਸ਼ ਦੇ ਪੁਲੀਸ ਜਾਂ ਸਰਕਾਰੀ ਅਧਿਕਾਰੀ ਬਣਕੇ ਧੋਖਾਧੜੀ ਕਰਦੇ ਸਨ। ਉਹ ਲੋਕਾਂ ਨੂੰ ਕਹਿੰਦੇ ਸਨ ਕਿ ਉਨ੍ਹਾਂ ਦੀ ਪਛਾਣ ਕੌਮੀ ਅਪਰਾਧਿਕ ਗਤੀਵਿਧੀਆਂ ਵਿੱਚ ਸਾਹਮਣੇ ਆਈ ਹੈ, ਜੇ ਦੋਸ਼ਾਂ ਵਿੱਚੋਂ ਬਰੀ ਹੋਣਾ ਚਾਹੁੰਦੇ ਹਨ ਤਾਂ ਤੈਅ ਰਾਸ਼ੀ ਦਾ ਭੁਗਤਾਨ ਕਰਨਾ ਹੋਵੇਗਾ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਹੋਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ