ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਅਗਸਤ
ਕੌਮੀ ਰਾਜਧਾਨੀ ਦਿੱਲੀ ਦੇ ਪੱਛਮ ਵਿਹਾਰ ਖੇਤਰ ਵਿੱਚ ਨਾਬਾਲਗ ਲੜਕੀ ਨਾਲ ਕਥਿਤ ਬਲਾਤਕਾਰ ਕੀਤਾ ਗਿਆ ਤੇ ਉਸ ਦੇ ਸਰੀਰ ਉਪਰ ਡੂੰਘੀਆਂ ਸੱਟਾਂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਪੁਲੀਸ ਮੁਤਾਬਕ 12 ਸਾਲਾਂ ਦੀ ਲੜਕੀ ਨੂੰ ਖ਼ੂਨ ਨਾਲ ਲਿੱਬੜੀ ਨੂੰ ਬੀਤੀ ਸ਼ਾਮ ਸੰਜੇ ਗਾਂਧੀ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਸੀ। ਉਸ ਦੇ ਸਰੀਰ ਉਪਰ ਡੂੰਘੇ ਸੱਟ ਦੇ ਨਿਸ਼ਾਨ ਹਨ ਤੇ ਅੰਦਰੂਨੀ ਅੰਗਾਂ ਵਿੱਚੋਂ ਖ਼ੂਨ ਸਿੰਮ ਰਿਹਾ ਸੀ। ਉਸ ਦੇ ਸਰੀਰ ਉਪਰ ਕਿਸੇ ਤਿੱਖੀ ਚੀਜ਼ ਨਾਲ ਵਾਰ ਕੀਤੇ ਗਏ ਹਨ। ਉਸ ਨੂੰ ਸੰਜੇ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦੇਣ ਮਗਰੋਂ ‘ਏਮਸ’ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਸੀ। ਉਹ ਜ਼ਿੰਦਗੀ ਤੇ ਮੌਤ ਨਾਲ ਲੜ ਰਹੀ ਹੈ। ਪੁਲੀਸ ਮੁਤਾਬਕ ਲੜਕੀ ਜੱਦੋਂ ਇਕੱਲੀ ਸੀ ਤਾਂ ਇਹ ਵਾਰਦਾਤ ਕੀਤੀ ਗਈ। ਪੋਸਕੋ ਐਕਟ ਤਹਿਤ ਕੇਸ ਦਰਜ ਕਰਕੇ ਕਥਿਤ ਮੁਲਜ਼ਮ ਤੱਕ ਪੁੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਕਥਿਤ ਮੁਲਜ਼ਮਾਂ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਸਨ। ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਵਾਰਦਾਤ ਤੋਂ ਪਹਿਲਾਂ ਬੱਚੀ ਕੋਲ ਕੌਣ ਸੀ।