ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਜਨਵਰੀ
ਗ਼ੈਰ-ਸਰਕਾਰੀ ਸੰਸਥਾ ਸੈਂਟਰ ਫਾਰ ਹੋਲਿਸਟਿਕ ਡਿਵੈੱਲਪਮੈਂਟ ਨੇ ਦਾਅਵਾ ਕੀਤਾ ਹੈ ਕਿ ਇਸ ਮਹੀਨੇ ਦਿੱਲੀ ਵਿੱਚ ਘੱਟ ਤੋਂ ਘੱਟ 106 ਲੋਕਾਂ ਦੀ ਮੌਤ ਠੰਢ ਕਾਰਨ ਹੋਈ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਬੇਘਰੇ ਲੋਕ ਸ਼ਾਮਲ ਹਨ। ਸੰਸਥਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੋਕਾਂ ਲਈ ਢੁਕਵੇਂ ਪ੍ਰਬੰਧ ਕਰਨ ਦੀ ਬੇਨਤੀ ਕੀਤੀ ਹੈ।
ਐੱਨਜੀਓ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਮੁਤਾਬਕ 1 ਜਨਵਰੀ ਤੋਂ 19 ਜਨਵਰੀ ਦਰਮਿਆਨ ਦਿੱਲੀ ਵਿੱਚ ਠੰਢ ਕਾਰਨ 106 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਉੱਤਰੀ ਦਿੱਲੀ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਮੌਤਾਂ (33) ਦਰਜ ਕੀਤੀਆਂ ਗਈਆਂ। ਉੱਤਰੀ ਪੱਛਮੀ ਦਿੱਲੀ ਵਿੱਚ 13 ਤੇ ਦੱਖਣ ਪੱਛਮੀ ਅਤੇ ਮੱਧ ਦਿੱਲੀ ਵਿੱਚ 9-9 ਮੌਤਾਂ ਦਰਜ ਕੀਤੀਆਂ ਗਈਆਂ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਸਮੇਂ ਦੌਰਾਨ ਪੱਛਮੀ ਦਿੱਲੀ ਤੇ ਨਵੀਂ ਦਿੱਲੀ ’ਚ 8-8 ਮੌਤਾਂ ਹੋਈਆਂ ਹਨ।
ਸੈਂਟਰ ਫਾਰ ਹੋਲਿਸਟਿਕ ਡਿਵੈੱਲਪਮੈਂਟ ਦੇ ਸੁਨੀਲ ਕੁਮਾਰ ਨੇ ਦਾਅਵਾ ਕੀਤਾ ਕਿ ਇਹ ਬੇਘਰ ਲੋਕ ਹਨ ਜੋ ਆਪਣੀਆਂ ਰਾਤਾਂ ਖੁੱਲ੍ਹੇ ਵਿੱਚ ਸੜਕਾਂ ਦੇ ਕਿਨਾਰੇ ਜਾਂ ਦੁਕਾਨਾਂ ਦੇ ਬਾਹਰ ਬਿਤਾਉਂਦੇ ਹਨ। ਇਸ ਮਹੀਨੇ ਬਹੁਤੀਆਂ ਮੌਤਾਂ ਠੰਢੇ ਹਾਲਾਤ ਕਾਰਨ ਹੋਈਆਂ ਹਨ। ਕੇਜਰੀਵਾਲ ਨੂੰ ਲਿਖੇ ਆਪਣੇ ਪੱਤਰ ਵਿੱਚ ਦਾਅਵਾ ਕੀਤਾ ਗਿਆ 2014 ਵਿੱਚ ਇੱਕ ਇੰਪਰੂਵਮੈਂਟ ਬੋਰਡ ਸਰਵੇਖਣ ਨੇ ਦਿੱਲੀ ਵਿੱਚ 16,760 ਬੇਘਰੇ ਲੋਕਾਂ ਦੀ ਪਛਾਣ ਕੀਤੀ ਸੀ। ਹਾਲਾਂਕਿ ਬੇਘਰੇ ਲੋਕਾਂ ਦੀ ਅਸਲ ਗਿਣਤੀ ਇੱਕ ਲੱਖ ਤੋਂ ਵੱਧ ਹੈ। ਅੰਕੜਿਆਂ ਅਨੁਸਾਰ ਦਿੱਲੀ ’ਚ ਸਥਾਈ ਇਮਾਰਤਾਂ, ਅਸਥਾਈ ਇਮਾਰਤਾਂ, ਪੋਰਟਾ ਕੈਬਿਨਾਂ ਤੇ ਟੈਂਟਾਂ ਸਮੇਤ 308 ਆਸਰਾ ਘਰ ਹਨ। ਇਨ੍ਹਾਂ ਵਿੱਚ 9,330 ਬੇਘਰੇ ਲੋਕਾਂ ਨੂੰ ਪਨਾਹ ਦੇਣ ਦੀ ਸਮਰੱਥਾ ਹੈ। 8,200 ਬੇਘਰੇ ਲੋਕ ਇਨ੍ਹਾਂ ਆਸਰਾ ਘਰਾਂ ਵਿੱਚ ਆਪਣੀਆਂ ਰਾਤਾਂ ਕੱਟ ਰਹੇ ਹਨ। ਦੂਜੇ ਪਾਸੇ ਇੱਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਹਾਲਾਂਕਿ ਸਾਰੀਆਂ ਮੌਤਾਂ ਠੰਢ ਨਾਲ ਨਹੀਂ ਹੋ ਸਕਦੀਆਂ, ਪਰ ਸਰਦੀਆਂ ਵਿੱਚ ਪੀੜਤ ਬੇਘਰਾਂ ਵਿੱਚ ਮੌਤਾਂ ਦੀ ਗਿਣਤੀ ਵਧ ਜਾਂਦੀ ਹੈ। ਸ਼ੈਲਟਰ ਹੋਮ ਦੀ ਉਪਲੱਬਧਤਾ ਦੇ ਬਾਵਜੂਦ, ਠੰਢ ਕਾਰਨ ਬੇਘਰੇ ਲੋਕਾਂ ਦੀ ਮੌਤ ਤੋਂ ਕੋਈ ਇਨਕਾਰ ਨਹੀਂ ਕਰਦਾ ਪਰ ਇਹ ਉਹ ਹਨ ਜੋ ਰੇਲਵੇ ਪੱਟੜੀਆਂ, ਗੱਡੀਆਂ, ਸੜਕਾਂ ਦੇ ਕਿਨਾਰੇ, ਦੁਕਾਨਾਂ ਦੇ ਬਾਹਰ ਸੌਂਦੇ ਹਨ।