ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਨਵੰਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਚਾਰ ਮਹਿਲਾ ਸਪੈਸ਼ਲ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਹੈ। ਅੱਜ ਉਦਘਾਟਨੀ ਸਮਾਗਮ ਦੌਰਾਨ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਕੌਮੀ ਰਾਜਧਾਨੀ ਵਿੱਚ ਔਰਤਾਂ ਲਈ 100 ਵਿਸ਼ੇਸ਼ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਹੂਲਤਾਂ ’ਤੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਔਰਤਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਇਕ ਕਲੀਨਿਕ ਗੁਰਦੁਆਰਾ ਬੰਗਲਾ ਸਾਹਿਬ ਮਾਰਗ ਦੇ ਕਿਨਾਰੇ ਮਾਤਾ ਕਾਲੀ ਮੰਦਰ ਕੋਲ ਬਣਾਇਆ ਗਿਆ ਹੈ। ਇਸ ਮੌਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਸਰਕਾਰ ਦੀ ਮੁਹੱਲਾ ਕਲੀਨਿਕ ਯੋਜਨਾ ਬਾਰੇ ਦੱਸਿਆ ਅਤੇ ਇਸ ਦੇ ਲਾਭ ਵੀ ਗਿਣਾਏ।
ਮੁਹੱਲਾ ਕਲੀਨਿਕ ਪ੍ਰਣਾਲੀ ਕੇਜਰੀਵਾਲ ਸਰਕਾਰ ਦੀਆਂ ਪ੍ਰਮੁੱਖ ਪਹਿਲਕਦਮੀਆਂ ਵਿੱਚੋਂ ਇੱਕ ਹੈ ਤੇ ਇਸ ਦਾ ਉਦੇਸ਼ ਸ਼ਹਿਰ ਵਿੱਚ ਪ੍ਰਾਇਮਰੀ ਹੈਲਥ ਕੇਅਰ ਨੂੰ ਹੁਲਾਰਾ ਦੇਣਾ ਹੈ। ਕੇਜਰੀਵਾਲ ਨੇ ਕਿਹਾ ਕਿ ਚਾਰ ਮਹਿਲਾ ਮੁਹੱਲਾ ਕਲੀਨਿਕ ਔਰਤਾਂ ਲਈ ਵਿਸ਼ੇਸ਼ ਕਲੀਨਿਕ ਹੋਣਗੇ, ਜਿੱਥੇ ਉਨ੍ਹਾਂ ਅਤੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਗਾਇਨੀਕੋਲੋਜੀ ਸੇਵਾਵਾਂ, ਟੈਸਟ ਅਤੇ ਦਵਾਈਆਂ ਮੁਫ਼ਤ ਉਪਲਬਧ ਹੋਣਗੀਆਂ। ਪਹਿਲੇ ਪੜਾਅ ਵਿੱਚ ਔਰਤਾਂ ਅਤੇ ਬੱਚਿਆਂ ਲਈ ਅਜਿਹੇ 100 ਕਲੀਨਿਕ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਹੂਲਤਾਂ ਵਿੱਚ ਡਾਕਟਰ ਅਤੇ ਸਟਾਫ ਔਰਤਾਂ ਹੀ ਹੋਣਗੇ। ਮੁੱਖ ਮੰਤਰੀ ਨੇ ਹਾਲਾਂਕਿ ਇਨ੍ਹਾਂ ਕਲੀਨਿਕਾਂ ਨੂੰ ਖੋਲ੍ਹਣ ਦੀ ਸਮਾਂ-ਸੀਮਾ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਔਸਤਨ ਹਰੇਕ ਮੁਹੱਲਾ ਕਲੀਨਿਕ ਇੱਕ ਦਿਨ ਵਿੱਚ 116 ਮਰੀਜ਼ਾਂ ਅਤੇ ਕੁੱਲ ਮਿਲਾ ਕੇ ਇੱਕ ਦਿਨ ਵਿੱਚ ਸਾਰੇ ਮੁਹੱਲਾ ਕਲੀਨਿਕਾਂ ਵਿੱਚ 60,000 ਤੋਂ ਵੱਧ ਮਰੀਜ਼ਾਂ ਦੀ ਜਾਂਚ ਹੁੰਦੀ ਹੈ।