ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਸਤੰਬਰ
ਸਾਕਾ ਪੰਜਾ ਸਾਹਿਬ ਦੇ ਸ਼ਤਾਬਦੀ ਸਮਾਗਮਾਂ ’ਚ ਹਿੱਸਾ ਲੈਣ ਲਈ ਭਾਰਤੀ ਸਿੱਖਾਂ ਦਾ ਜੱਥਾ ਪਾਕਿਸਤਾਨ ਦੇ ਰਾਵਲਪਿੰਡੀ ਤੋਂ 45 ਕਿਲੋਮੀਟਰ ਦੂਰ ਪਵਿੱਤਰ ਗੁਰਦੁਆਰਾ ਪੰਜਾ ਸਾਹਿਬ ਵਿੱਚ ਹੋਣ ਵਾਲੇ ਸ਼ਤਾਬਦੀ ਸਮਾਗਮਾਂ ਲਈ 30 ਅਕਤੂਬਰ ਨੂੰ ਭਾਰਤ ਤੋਂ ਰਵਾਨਾ ਹੋਵੇਗਾ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ 240 ਸਿੱਖਾਂ ਦਾ ਜੱਥਾ 29 ਅਕਤੂਬਰ ਨੂੰ ਅਟਾਰੀ, ਵਾਹਗਾ ਸਰਹੱਦ ਪਾਰ ਕਰਕੇ ਪਾਕਿਸਤਾਨ ਵਿੱਚ ਦਾਖਲ ਹੋਵੇਗਾ। ਇਸ ਜੱਥੇ ਵਿੱਚ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਤੋਂ 40 ਸ਼ਰਧਾਲੂ ਹਿੱਸਾ ਲੈਣਗੇ। ਕਾਲਕਾ ਨੇ ਦੱਸਿਆ ਕਿ ਇਹ ਜਥਾ 2 ਨਵੰਬਰ ਨੂੰ ਭਾਰਤ ਪਰਤੇਗਾ। ਜੱਥੇ ਵਿੱਚ ਜਾਣ ਵਾਲੇ ਸ਼ਰਧਾਲੂਆਂ ਕੋਲ ਕਰੋਨਾ ਟੀਕਾਕਰਨ ਸਰਟੀਫਿਕੇਟ ਹੋਣਾ ਲਾਜ਼ਮੀ ਹੈ ਅਤੇ ਕਰੋਨਾ ਦੀ ਨੈਗੇਟਿਵ ਰਿਪੋਰਟ ਵੀ ਜ਼ਰੂਰੀ ਹੈ। ਅਟਾਰੀ ਵਾਹਗਾ ਸਰਹੱਦ ’ਤੇ ਸਾਰੇ ਸ਼ਰਧਾਲੂਆਂ ਦੀ ਜਾਂਚ ਕੀਤੀ ਜਾਵੇਗੀ।