ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਅਪਰੈਲ
ਬੀਤੇ ਦਿਨੀਂ ਗੁਰਦੁਆਰਾ ਰਕਾਬ ਗੰਜ ਸਾਹਿਬ ਕੰਪਲੈਕਸ ਵਿਚਲੇ ਬਾਦਲ ਧੜੇ ਦੇ ਦਫ਼ਤਰ ਨੂੰ ਲੈ ਕੇ ਪਏ ਰੱਫੜ ਮਗਰੋਂ ਇਸ ਪਵਿੱਤਰ ਗੁਰਦੁਆਰੇ ਦੇ ਕੰਪਲੈਕਸ ਵਿੱਚੋਂ ਸਾਰੇ ਦਲਾਂ ਦੇ ਦਫ਼ਤਰ ਹਟਾਉਣ ਦੀ ਮੰਗ ਪੰਥਕ ਸੇਵਾ ਦਲ ਵੱਲੋਂ ਕੀਤੀ ਗਈ ਹੈ। ਪੰਥਕ ਸੇਵਾ ਦਲ ਦੇ ਸੰਯੁਕਤ ਸਕੱਤਰ ਬਲਵਿੰਦਰ ਸਿੰਘ ਲਾਜਪਤ ਨਗਰ ਨੇ ਕਿਹਾ ਕਿ ਇਸ ਦਲ ਵੱਲੋਂ ਇਸ ਧਾਰਮਿਕ ਸਥਾਨ ਤੋਂ ਉਸੇ ਤਰ੍ਹਾਂ ਅਕਾਲੀਆਂ ਦੇ ਦਫ਼ਤਰ ਹਟਾਉਣ ਦੀ ਮੰਗ ਕੀਤੀ ਗਈ ਹੈ, ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ (ਅੰਮ੍ਰਿਤਸਰ) ਵਿੱਚ ਕਿਸੇ ਵੀ ਧੜੇ ਨੂੰ ਦਫ਼ਤਰ ਖੋਲ੍ਹਣ ਦੀ ਮਨਜ਼ੂਰੀ ਨਹੀਂ ਹੈ। ਬਲਵਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਪ੍ਰਬੰਧਕਾਂ ਨੇ ਇਸ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਮਾਮਲਾ ਪਹੁੰਚਾਇਆ ਜਾਵੇਗਾ ਤੇ ਫਿਰ ਕਾਨੂੰਨੀ ਚਾਰਜੋਈ ਵੀ ਕੀਤੀ ਜਾਵੇਗੀ। ਸੰਯੁਕਤ ਸਕੱਤਰ ਨੇ ਕਿਹਾ ਕਿ ਦਲਾਂ ਦੇ ਇਨ੍ਹਾਂ ਦਫ਼ਤਰਾਂ ਦੇ ਖਰਚੇ ਦਿੱਲੀ ਕਮੇਟੀ ਦੇ ਖਜ਼ਾਨੇ ਉਪਰ ਭਾਰ ਹਨ। ਉਨ੍ਹਾਂ ਕਿਹਾ ਕਿ ਇਲਕੈਟਰੀਕਲ ਇੰਜਨੀਅਰ, ਪਾਣੀ ਵਾਲਾ ਜੇਈ, ਦਿੱਲੀ ਕਮੇਟੀ ਦਾ ਜਨਰਲ ਮੈਨੇਜਰ ਤੇ ਰਕਾਬ ਗੰਜ ਸਾਹਿਬ ਦਾ ਮੈਨੇਜਰ, ਡਿਊਟੀਆਂ ਲਾਉਣ ਵਾਲੇ ਜਥੇਦਾਰ ਨੂੰ ਪੁਲੀਸ ਕੋਲ ਐਫਆਈਆਰ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਐਕਟ 1971 ਤਹਿਤ ਕੋਈ ਵੀ ਗੁਰਦੁਆਰਿਆਂ ਦੀ ਜਾਇਦਾਦ ਉਪਰ ਕਬਜ਼ਾ ਨਹੀਂ ਕਰ ਸਕਦਾ। ਜ਼ਿਕਰਯੋਗ ਹੈ ਕਿ ਇਸ ਕੰਪਲੈਕਸ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ (ਦਿੱਲੀ) ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫ਼ਤਰਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਮਿਸ਼ਨ ਦਿੱਲੀ ਦਾ ਦਫ਼ਤਰ ਬਣਿਆ ਹੋਇਆ ਹੈ। ਤਾਜ਼ਾ ਮਾਮਲਾ ਉੱਦੋਂ ਭਖ਼ਿਆ ਜਦੋਂ ਮੌਜੂਦਾ ਦਿੱਲੀ ਕਮੇਟੀ ਪ੍ਰਬੰਧਕਾਂ ਨੇ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਬਣਾ ਕੇ ਬਾਦਲ ਧੜੇ ਵਾਲੇ ਦਫ਼ਤਰ ਤੋਂ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਜਿਸ ਦਾ ਵਿਰੋਧ ਸ਼੍ਰੋਮਣੀ ਅਕਾਲੀ ਦਲ ਦੇ ਅਵਤਾਰ ਸਿੰਘ ਹਿਤ ਵੱਲੋਂ ਕੀਤਾ ਗਿਆ।