ਆਧੁਨਿਕ ਇਮਾਰਤਸਾਜ਼ੀ ਦਾ ਬਿਹਤਰੀਨ ਨਮੂਨਾ ਚੰਡੀਗੜ੍ਹ : The Tribune India

ਆਧੁਨਿਕ ਇਮਾਰਤਸਾਜ਼ੀ ਦਾ ਬਿਹਤਰੀਨ ਨਮੂਨਾ ਚੰਡੀਗੜ੍ਹ

ਆਧੁਨਿਕ ਇਮਾਰਤਸਾਜ਼ੀ ਦਾ ਬਿਹਤਰੀਨ ਨਮੂਨਾ ਚੰਡੀਗੜ੍ਹ

ਰਜਨੀਸ਼ ਵਤਸ

ਰਜਨੀਸ਼ ਵਤਸ

ਚੰਡੀਗੜ੍ਹ ਦੇ ਫੇਜ਼-1 ਤਹਿਤ ਵਸਾਏ ਗਏ ਪਹਿਲੇ 30 ਸੈਕਟਰਾਂ ਦੀਆਂ ਰਿਹਾਇਸ਼ੀ ਇਕਾਈਆਂ ਦਾ ਘੜਮੱਸ ਪੈਦਾ ਹੋਣ ਤੋਂ ਰੋਕਣ ਲਈ ਹਾਲ ਹੀ ਵਿਚ ਸੁਪਰੀਮ ਕੋਰਟ ਨੇ ਹਾਲ ਹੀ ਵਿਚ ਇਕ ਫ਼ੈਸਲਾ ਸੁਣਾਇਆ ਹੈ ਜਿਸ ਦਾ ਸਾਰ ਤੱਤ ਇਹੀ ਨਿਕਲਦਾ ਹੈ ਕਿ ਇਸ ਸ਼ਹਿਰ ਦੀ ਸਰਬਵਿਆਪੀ ਅਹਿਮੀਅਤ ਬਹੁਤ ਵਿਲੱਖਣ ਹੈ ਤੇ ਇਸ ਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ।

ਸੁਪਰੀਮ ਕੋਰਟ ਨੇ ਇਹ ਪ੍ਰਵਾਨ ਕੀਤਾ ਹੈ ਕਿ ਚੰਡੀਗੜ੍ਹ ਦੇਸ਼ ਦੇ ਹੋਰਨਾਂ ਸ਼ਹਿਰਾਂ ਜਿਹਾ ਸ਼ਹਿਰ ਨਹੀਂ ਹੈ। ਇਹ ਆਧੁਨਿਕ ਯੁੱਗ ਦੀ ਸ਼ਹਿਰੀ ਇਮਾਰਤਸਾਜ਼ੀ ਦਾ ਇਕ ਅਜ਼ੀਮ ਤਜਰਬਾ ਹੈ ਜਿਸ ਦੀ ਯੋਜਨਾ ਵੀਹਵੀਂ ਸਦੀ ਦੇ ਸਿਰਮੌਰ ਇਮਾਰਤਸਾਜ਼ ਅਤੇ ਯੋਜਨਾਕਾਰ ਲੀ ਕਾਰਬੂਜ਼ੀਏ ਨੇ ਬਣਾਈ ਸੀ। ਚੰਡੀਗੜ੍ਹ ਅਜਿਹੇ ਨਾਯਾਬ ਸ਼ਹਿਰ ਦੀ ਸਿਰਜਣਾ ਦੀ ਮਿਸਾਲ ਹੈ ਜੋ ਉਦੋਂ ਪੈਦਾ ਹੁੰਦੀ ਹੈ ਜਦੋਂ ਦੂਰਦਰਸ਼ੀ ਬਾਨੀ, ਇਮਾਰਤਸਾਜ਼ ਅਤੇ ਉੱਘੇ ਇੰਜੀਨੀਅਰ ਇਕ ਥਾਂ ਇਕੱਤਰ ਹੋ ਕੇ ਕੰਮ ਕਰਦੇ ਹਨ। ਇਸੇ ਲਈ ਉਦੋਂ ਕਿਸੇ ਨੂੰ ਇਸ ਗੱਲ ’ਤੇ ਹੈਰਾਨੀ ਨਹੀਂ ਹੋਈ ਜਦੋਂ 2016 ਵਿਚ ਇਸ ਦੇ ਕੈਪੀਟਲ ਕੰਪਲੈਕਸ ਨੂੰ ਯੂਨੈਸਕੋ ਵੱਲੋਂ ਵਿਰਾਸਤੀ ਦਰਜਾ ਦਿੱਤਾ ਗਿਆ ਸੀ ਜੋ ਕਿ ਆਧੁਨਿਕ ਇਮਾਰਤਸਾਜ਼ੀ ਦੀ ਵੰਨਗੀ ਵਿਚ ਭਾਰਤ ਨੂੰ ਮਿਲਣ ਵਾਲਾ ਪਹਿਲਾ ਵਿਰਾਸਤੀ ਦਰਜਾ ਸੀ।

ਵਡੇਰੇ ਪ੍ਰਸੰਗ ਵਿਚ ਸੁਪਰੀਮ ਕੋਰਟ ਨੇ ਦੇਸ਼ ਭਰ ਵਿਚ ਬਿਨਾਂ ਕਿਸੇ ਯੋਜਨਾਬੰਦੀ ਤੋਂ ਵੱਡੇ ਪੱਧਰ ’ਤੇ ਹੋ ਰਹੇ ਸ਼ਹਿਰੀਕਰਨ ਸਬੰਧੀ ਵੀ ਗੰਭੀਰ ਸਰੋਕਾਰ ਜ਼ਾਹਿਰ ਕੀਤੇ ਹਨ। ਹਾਲ ਹੀ ਵਿਚ ਜੋਸ਼ੀਮੱਠ ਅਤੇ ਕੁਝ ਹੋਰਨਾਂ ਪਹਾੜੀ ਕਸਬਿਆਂ ਵਿਚ ਜ਼ਮੀਨ ਧਸਣ, ਬੰਗਲੌਰ ਦੀਆਂ ਝੀਲਾਂ ਸੁੱਕਣ, ਚੇਨੱਈ ਵਿਚ ਬੇਮੌਸਮੀ ਹੜ੍ਹਾਂ ਅਤੇ ਗੁਰੂਗ੍ਰਾਮ ਵਿਚ ਮੀਂਹ ਦੇ ਪਾਣੀ ਭਰਨ ਦੀਆਂ ਘਟਨਾਵਾਂ ਦੇ ਮੱਦੇਨਜ਼ਰ, ਹੁਣ ਵਾਤਾਵਰਨ ਦੀ ਸੁਰੱਖਿਆ ਵਾਲੇ ਟਿਕਾਉੂ ਸ਼ਹਿਰ ਬਣਾਉਣ ਦਾ ਹੋਕਾ ਬਹੁਤੀ ਕਾਹਲ ਵਾਲੀ ਗੱਲ ਨਹੀਂ ਰਹਿ ਗਿਆ।

ਸ਼ਹਿਰੀ ਖੇਤਰਾਂ ਦੀਆਂ ਇਸ ਕਦਰ ਵਧਦੀਆਂ ਜਾ ਰਹੀਆਂ ਮੁਸੀਬਤਾਂ ਦੇ ਮੱਦੇਨਜ਼ਰ ਦੇਸ਼ ਦੇ ਮੋਹਰੀ ਹਰੇ ਭਰੇ ਸ਼ਹਿਰ ਚੰਡੀਗੜ੍ਹ ਜਿੱਥੇ ਦਰੱਖਤਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ, ਹਵਾ ਤੇ ਸਾਫ਼ ਸੁਥਰੇ ਮਾਹੌਲ ਦੇ ਹੋਰ ਮਿਆਰ ਕਾਫ਼ੀ ਉੱਚੇ ਹਨ, ਨੂੰ ਬਚਾ ਕੇ ਰੱਖਣਾ ਹੋਰ ਵੀ ਜ਼ਰੂਰੀ ਹੋ ਗਿਆ ਹੈ। ਉਂਝ ਸੁਆਲ ਇਹ ਹੈ ਕਿ ‘ਕਾਰਬੂਜ਼ੀਆਈ ਚੰਡੀਗੜ੍ਹ’ ਦੀ ਸਾਂਭ ਸੰਭਾਲ ਸਿਰਫ਼ 1 ਤੋਂ 30 ਸੈਕਟਰਾਂ ਤੱਕ ਹੀ ਕਿਉਂ ਕੀਤੀ ਜਾਣੀ ਜ਼ਰੂਰੀ ਹੈ? ਇਸ ਖੇਤਰ ’ਤੇ ਧਿਆਨ ਇਸ ਲਈ ਕੇਂਦਰਤ ਹੋਇਆ ਹੈ ਕਿਉਂਕਿ ਇਹ ਉਹ ਖੇਤਰ ਹੈ ਜੋ ਕਾਰਬੂਜ਼ੀਏ ਦੀ ਟੀਮ ਦੀ ਸਿੱਧੀ ਨਿਗਰਾਨੀ ਹੇਠ ਵਿਕਸਿਤ ਕੀਤਾ ਗਿਆ ਸੀ। ਸ਼ਹਿਰ ਦੇ ਦੂਜੇ ਤੇ ਤੀਜੇ ਫੇਜ਼ਾਂ ਦਾ ਵਿਕਾਸ ਕਾਫ਼ੀ ਬਾਅਦ ਵਿਚ ਕੀਤਾ ਗਿਆ ਸੀ ਜਦੋਂ ਇਸ ਦੇ ਆਲੇ-ਦੁਆਲੇ ਕਾਨੂੰਨਾਂ ਦੀ ਘੋਰ ਉਲੰਘਣਾ ਕਰਦਿਆਂ ਪੰਜਾਬ ਅਤੇ ਹਰਿਆਣਾ ਵੱਲੋਂ ਆਪੋ ਆਪਣੇ ਸ਼ਹਿਰ ਵਿਕਸਤ ਕਰਨੇ ਸ਼ੁਰੂ ਕਰ ਦਿੱਤੇ ਸਨ।

ਸ਼ਹਿਰ ਦੀ ਵਿਉਂਤਬੰਦੀ ਦੇ ਵਡੇਰੇ ਪ੍ਰਸੰਗ ਵਿਚ ਉੱਤਰੀ ਸੈਕਟਰਾਂ ਦੀ ਕੇਂਦਰੀ ਲੋਕੇਸ਼ਨ ਪੂਰੀ ਤਰ੍ਹਾਂ ਸਮਝਣ ਲਈ ਇਸ ਦੇ ਮੁੱਢਲੇ ਖਾਕੇ ਦੀ ਯੋਜਨਾ ’ਤੇ ਝਾਤ ਮਾਰਨ ਦੀ ਲੋੜ ਹੈ ਜਿੱਥੋਂ ਇਸ ਦਾ ਉਭਾਰ ਹੋਇਆ ਸੀ।

ਕਾਰਬੂਜ਼ੀਏ ਦਾ ਵਿਚਾਰ ਸੀ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਇਸ ਸ਼ਹਿਰ ਨੂੰ ਬੇਮਿਸਾਲ ਬੈਕਗ੍ਰਾਊਂਡ ਮੁਹੱਈਆ ਕਰਾਉਂਦੀਆਂ ਹਨ ਤੇ ਨਾਲ ਹੀ ਇਸ ਦੀ ਹਲਕੀ ਜਿਹੀ ਦੱਖਣੀ ਢਲਾਣ ਵੀ ਮੌਜੂਦ ਹੈ ਜਿਸ ਨਾਲ ਸ਼ਹਿਰ ਦਾ ਡ੍ਰੇਨੇਜ ਸੁਖਾਲਾ ਤੇ ਕੁਸ਼ਲ ਤਰੀਕੇ ਨਾਲ ਹੋ ਸਕਦਾ ਸੀ। ਕਾਰਬੂਜ਼ੀਆਈ ਇਮਾਰਤਸਾਜ਼ੀ ਦੀ ਵਿਦਵਾਨ ਮੈਰੀਸਟੈਲਾ ਕਾਸੀਆਟੋ ਦਾ ਕਹਿਣਾ ਹੈ ਕਿ ਦਿਹਾਤੀ ਸਦੀਵਤਾ ਦੀ ਆਕ੍ਰਿਤੀ ਵਿਉਂਤ ਨੇ ਲੈਂਡਸਕੇਪ ਅਤੇ ਸ਼ਹਿਰੀ ਡਿਜ਼ਾਈਨ ਗੁਣਵੱਤਾ ਪੱਖੋਂ ਬਿਲਕੁਲ ਇਕਮਿਕ ਕਰਨ ਦੀ ਮਿਸਾਲ ਪੇਸ਼ ਕੀਤੀ ਹੈ।

ਚੰਡੀਗੜ੍ਹ ਦੇ ਲੇਅਆਊਟ ਪਲਾਨ ਤੋਂ ਸਾਫ਼ ਝਲਕਦਾ ਹੈ ਕਿ ਉਨ੍ਹਾਂ ਕੈਪੀਟਲ ਕੰਪਲੈਕਸ ਚੰਡੀਗੜ੍ਹ ਦੀ ਆਭਾ ਵਧਾਉਣ ਲਈ ਇਸ ਦੇ ਤਾਜ ਵਜੋਂ ਸਿਰਜਿਆ ਸੀ ਜੋ ਕਿ ਸ਼ਹਿਰ ਦੀ ਬਾਕੀ ਵਿਉਂਤਬੰਦੀ ਨਾਲੋਂ ਹਲਕਾ ਜਿਹਾ ਵੱਖਰਾ ਨਜ਼ਰ ਆਉਂਦਾ ਹੈ। ਦਰਅਸਲ, ਕਾਰਬੂਜ਼ੀਏ ਤੋਂ ਪਹਿਲਾਂ ਅਲਬਰਟ ਮਾਇਰ ਅਤੇ ਮੈਥਿਉ ਨਾਓਕੀ ਦੀ ਅਮਰੀਕੀ ਟੀਮ ਨੇ ਵੀ ਸ਼ਹਿਰ ਦੀ ਉੱਤਰੀ ਧੁਰੀ ਨੂੰ ਪਹਾੜੀਆਂ ਨਾਲ ਜੋੜਨ ਦੀ ਯੋਜਨਾ ਤਿਆਰ ਕੀਤੀ ਸੀ। ਉਨ੍ਹਾਂ ਨੇ ਵੀ ਪਹਾੜੀਆਂ ਦੇ ਰਮਣੀਕ ਦ੍ਰਿਸ਼ ਨੂੰ ਬਹੁਤ ਅਹਿਮੀਅਤ ਦਿੱਤੀ ਸੀ ਅਤੇ ਇਸ ਨੂੰ ਆਪਣੀ ਯੋਜਨਾ ਦਾ ਹਿੱਸਾ ਬਣਾਇਆ ਸੀ। ਬਹਰਹਾਲ, ਪਹਿਲਾਂ ਜੋ ਸਤਹੀ ਖ਼ਿਆਲ ਨਜ਼ਰ ਆਉਂਦੇ ਸਨ, ਹੁਣ ਉਹ ਲੀ ਕਾਰਬੂਜ਼ੀਏ ਦੀ ਵਿਉਂਤਬੰਦੀ ਦੇ ਮਜ਼ਬੂਤ ਸਤੰਭ ਬਣ ਗਏ ਸਨ ਜਿਸ ਦੀਆਂ ਨੀਹਾਂ ਇਕ ਗੁਆਂਢੀ ਇਕਾਈ ਦੇ ਮਾਡਿਉੂਲ ’ਤੇ ਟਿਕੀਆਂ ਹੋਈਆਂ ਸਨ। ਉਨ੍ਹਾਂ ਸ਼ਹਿਰ ਦੇ ਉੱਤਰ ਪੂਰਬੀ ਕੰਢੇ ਨੂੰ ਕੈਪੀਟਲ ਪਾਰਕ ਦੇ ਤੌਰ ’ਤੇ ਤਾਮੀਰ ਕੀਤਾ ਸੀ ਜੋ ਕਿ ਸੁਖਨਾ ਝੀਲ ਤੋਂ ਲੈ ਕੇ ਕੈਪੀਟਲ ਕੰਪਲੈਕਸ ਤੱਕ ਜਾਂਦਾ ਹੈ। ਇਹ ਅਜਿਹਾ ਖੇਤਰ ਹੈ ਜੋ ਕੁਦਰਤੀ ਪਹਿਲੂਆਂ ਲਈ ਰਾਖਵਾਂ ਕੀਤਾ ਗਿਆ ਹੈ। ਇਸ ਅੰਦਰ ਝੀਲ, ਜੰਗਲ, ਕੁਦਰਤੀ ਪਗਡੰਡੀਆਂ ਤੇ ਥੀਮ ਬਾਗ਼ ਮੌਜੂਦ ਹਨ ਤਾਂ ਕਿ ਸ਼ਹਿਰ ਦੇ ਵਸਨੀਕਾਂ ਨੂੰ ਕੁਦਰਤ ਨਾਲ ਮੇਲ ਮਿਲਾਪ ਦਾ ਹਰ ਰੋਜ਼ ਮੌਕਾ ਮਿਲ ਸਕੇ। ਕੈਪੀਟਲ ਕੰਪਲੈਕਸ ਨੂੰ ਸ਼ਹਿਰ ਦੇ ਸਿਰ ਵੱਲ ਤਾਮੀਰ ਕੀਤਾ ਗਿਆ ਕਿਉਂਜੋ ਇਹ ਸ਼ਹਿਰ ਦੀ ਸ਼ਾਨ ਹੈ ਜੋ ਏਥਨਜ਼ ਦੀ ਆਧੁਨਿਕ ਐਕਰੋਪੋਲਿਸ ਕਲਾ ’ਤੇ ਅਧਾਰਿਤ ਹੈ। ਇਸ ਕਰਕੇ ਉੱਤਰੀ ਸੈਕਟਰਾਂ ਵਿਚ ਵੱਡੇ ਵੱਡੇ ਪਲਾਟਾਂ ਵਾਲੀਆਂ ਰਿਹਾਇਸ਼ੀ ਇਮਾਰਤਾਂ ਦੀ ਉਚਾਈ ਨੀਵੀਂ ਰੱਖੀ ਗਈ ਸੀ।

ਸ਼ਹਿਰੀ ਡਿਜ਼ਾਈਨ ਤਿਆਰ ਕਰਨ ਲਈ ਅਜਿਹਾ ਕਰਨਾ ਜ਼ਰੂਰੀ ਸੀ ਜਿਵੇਂ ਕਿ ਕੈਪੀਟਲ ਕੰਪਲੈਕਸ ਦੀ ਯਾਦਗਾਰ ਦੇ ਬਿਲਕੁਲ ਲਾਗੇ ਸੰਘਣੀਆਂ ਇਮਾਰਤਾਂ ਖੜ੍ਹੀਆਂ ਨਹੀਂ ਕੀਤੀਆਂ ਜਾ ਸਕਦੀਆਂ ਸਨ ਕਿਉਂਕਿ ਇਸ ਯਾਦਗਾਰ ਦਾ ਪ੍ਰਭਾਵ ਸਿਰਜਣ ਲਈ ਅਜਿਹਾ ਮਾਹੌਲ ਸਿਰਜਣ ਦੀ ਲੋੜ ਸੀ। ਇਸ ਸਮੁੱਚੇ ਮੰਜ਼ਰ ਦੀ ਇਕਰੂਪਤਾ ਲਈ ਪਹਾੜੀਆਂ ਦੀ ਪੂਰੀ ਝਲਕ ਪੈਣੀ ਵੀ ਜ਼ਰੂਰੀ ਸੀ।

ਫੇਜ਼-1 ਨਾਲ ਜੁੜਿਆ ਦੂਜਾ ਮੁੱਦਾ ਇਸ ਦੇ ਪਲਾਟਾਂ ਦੇ ਵਡੇਰੇ ਆਕਾਰ ਅਤੇ ਇਮਾਰਤਾਂ ਦੀ ਨੀਵੀਂ ਉਚਾਈ ਨਾਲ ਜੁੜਿਆ ਹੋਇਆ ਹੈ ਜਿਸ ਕਰਕੇ ਇੱਥੋਂ ਦੀ ਹਰਿਆਵਲ ਨਾਲ ਭਰੀ ਜ਼ਮੀਨੀ ਸਤਹ ਮੀਂਹਾਂ ਦਾ ਬਹੁਤ ਸਾਰਾ ਪਾਣੀ ਸੋਖ ਲੈਂਦੀ ਹੈ। ਉੱਤਰੀ ਸੈਕਟਰ ਸੁਖਨਾ ਵਣਜੀਵ ਰੱਖ, ਰੌਕ ਗਾਰਡਨ, ਬਰਡ ਪਾਰਕ ਦੇ ਐਨ ਨੇੜੇ ਪੈਂਦੇ ਹਨ ਜਿਸ ਕਰਕੇ ਬੇਤਹਾਸ਼ਾ ਕੰਕਰੀਟਕਰਨ, ਹਰਿਆਲਾ ਕਵਰ ਘਟਣ ਅਤੇ ਵਾਹਨਾਂ ਦੀ ਆਵਾਜਾਈ ਵਧਣ ਨਾਲ ਇਸ ਖੇਤਰ ਵਿਚ ਘਣਤਾ ਵੀ ਯਕੀਨਨ ਵਧੇਗੀ ਜਿਸ ਦਾ ਕੈਪੀਟਲ ਪਾਰਕ ਦੇ ਆਲੇ-ਦੁਆਲੇ ’ਤੇ ਪ੍ਰਭਾਵ ਹੋਰ ਜ਼ਿਆਦਾ ਵਧ ਜਾਵੇਗਾ। ‘ਕਾਰਬੂਜ਼ੀਆਈ ਚੰਡੀਗੜ੍ਹ’ ਨੂੰ ਸਾਂਭ ਕੇ ਰੱਖਣ ਦਾ ਇਕ ਹੋਰ ਕਾਰਨ ਇਹ ਹੈ ਕਿ ਇਹ ਆਧੁਨਿਕ ਇਮਾਰਤਸਾਜ਼ੀ ਦੇ ਯੁੱਗ ਵਿਚ ਇਸ ਦੇ ਨਾਗਰਿਕਾਂ ਦੀ ਸਮੂਹਿਕ ਯਾਦਦਾਸ਼ਤ ਦਾ ਇਕ ਹਿੱਸਾ ਬਣ ਗਿਆ ਹੈ ਜਿਸ ਵਿਚ ਕੰਕਰੀਟ ਅਤੇ ਇੱਟਾਂ ਦੀ ਘਰੋਗੀ ਸਮੱਗਰੀ ਨੂੰ ਸੂਖ਼ਮਤਾ ਨਾਲ ਵਰਤੋਂ ਵਿਚ ਲਿਆਂਦਾ ਗਿਆ ਹੈ। ਜੇ ਅਜਿਹਾ ਨਾ ਕੀਤਾ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ਹਿਰ ਦੀ ਤਾਮੀਰ ਦੇ ਇਤਿਹਾਸ ਦਾ ਪਤਾ ਵੀ ਨਹੀਂ ਚੱਲ ਸਕੇਗਾ।

ਬਹਰਹਾਲ, ਸ਼ਹਿਰ ਦੀ ਵਿਰਾਸਤ ਨੂੰ ਸੰਭਾਲਣ ਦੀਆਂ ਸਾਰੀਆਂ ਲੋੜਾਂ ਦੇ ਹੁੰਦੇ ਸੁੰਦੇ ਰਿਹਾਇਸ਼ੀ ਖੇਤਰਾਂ ਦੇ ਸੰਘਣੀਕਰਨ ਲਈ ਸਾਰੇ ਰਾਹ ਬੰਦ ਨਹੀਂ ਕੀਤੇ ਗਏ। ਜੇ ਭਵਿੱਖ ਵਿਚ ਇਸ ਦੀ ਅਣਸਰਦੀ ਲੋੜ ਪੈਦਾ ਹੁੰਦੀ ਹੈ ਤਾਂ ਇਸ ਨੂੰ ਸੋਚਣ ਵਿਚਾਰਨ ਅਤੇ ਇਸ ਦੇ ਵਾਤਾਵਰਨ ਉਪਰ ਪੈਣ ਵਾਲੇ ਪ੍ਰਭਾਵ ਦਾ ਮੁਲਾਂਕਣ ਕਰਨ ਤੋਂ ਬਾਅਦ ਹੀ ਅਜਿਹਾ ਕੀਤਾ ਜਾਣਾ ਚਾਹੀਦਾ ਹੈ। ਇਸ ਦੀ ਖੁੱਲ੍ਹੀ ਖੇਡ ਜਾਂ ਵਿਕਾਸ ਦੀ ਲੋੜ ਦੇ ਰੂਪ ਵਿਚ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।

ਹਾਰਵਰਡ ਦੇ ਪ੍ਰੋਫੈਸਰ ਐਡਵਰਡ ਗਲੀਜ਼ਰ ਨੇ ਆਪਣੀ ਪੁਸਤਕ ‘ਟ੍ਰਿਯੰਫ ਆਫ ਦਿ ਸਿਟੀ’ ਵਿਚ ਆਖਿਆ ਹੈ ਕਿ ‘ਸ਼ਹਿਰ ਸਾਂਝ ਭਿਆਲੀ ਦੀ ਯੋਗਤਾ ਦਿੰਦੇ ਹਨ, ਖ਼ਾਸਕਰ ਗਿਆਨ ਦੇ ਸਾਂਝੇ ਉਤਪਾਦਨ ਵਿਚ, ਜੋ ਕਿ ਮਾਨਵਤਾ ਦੀ ਬਿਹਤਰੀਨ ਰਚਨਾ ਹੈ।’ ਇਸ ਲਈ ਗੁਣਵੱਤਾ ਭਰਪੂਰ ਸ਼ਹਿਰੀਕਰਨ ਦੇਸ਼ ਦੀ ਲੋੜ ਹੈ ਪਰ ਇਸ ਦਾ ਵਪਾਰੀਕਰਨ ਨਹੀਂ ਹੋਣਾ ਚਾਹੀਦਾ।

ਚੰਡੀਗੜ੍ਹ ਸ਼ਹਿਰ ਲਈ ਪੰਜਾਬ ਦੇ ਪਿੰਡਾਂ ਦਾ ਰਕਬਾ ਦੇਖਣ ਲਈ ਪਹਿਲੀ ਵਾਰ ਇੱਥੇ ਪੁੱਜੇ ਕਾਰਬੂਜ਼ੀਏ ਨੇ ਆਪਣੀ ਪਤਨੀ ਯਵੋਨ ਲਿਖੀ ਚਿੱਠੀ ਵਿਚ ਇਸ ਦੇ ਕੁਦਰਤੀ ਸੁਹੱਪਣ ਬਾਰੇ ਦੱਸਦਿਆਂ ਆਖਿਆ ਸੀ: ‘‘ਅਸੀਂ ਸਾਡੇ ਸ਼ਹਿਰ ਦੇ ਉਸ ਧਰਾਤਲ ’ਤੇ ਮੌਜੂਦ ਹਾਂ ਜਿਸ ਦੇ ਸਿਰ ’ਤੇ ਸ਼ਾਨਦਾਰ ਅੰਬਰ ਅਤੇ ਹੇਠਾਂ ਇਕ ਬਾਕਮਾਲ ਲੈਂਡਸਕੇਪ ਹੈ। ਇਹ ਰੁੱਖਾਂ ਦਾ, ਫੁੱਲਾਂ ਦਾ ਤੇ ਪਾਣੀ ਤੇ ਹੋਮਰ ਦੇ ਯੁੱਗ ਨਾਲ ਮਿਲਦੇ-ਜੁਲਦੇ ਸਾਦੇ ਘਰਾਂ ਦਾ ਸ਼ਹਿਰ ਬਣੇਗਾ ਜਿਸ ਵਿਚ ਉਚਤਮ ਪੱਧਰ ਦੀ ਆਧੁਨਿਕਤਾ ਦੇ ਕੁਝ ਬੇਮਿਸਾਲ ਭਵਨ ਨਜ਼ਰ ਆਉਣਗੇ...।’’

ਸੁਪਰੀਮ ਕੋਰਟ ਨੇ ਆਪਣੇ ਹੁਕਮ ਵਿਚ ਇਨ੍ਹਾਂ ਤਾਸੁਰਾਤ ਨੂੰ ਹੀ ਨੁਮਾਇਆ ਕੀਤਾ ਹੈ। ਆਓ, ਯਤਨ ਕਰੀਏ ਕਿ ਸ਼ਹਿਰ ਇਨ੍ਹਾਂ ਜਜ਼ਬਿਆਂ ਨੂੰ ਕਦੇ ਭੁਲਾ ਨਾ ਦੇਵੇ।

* ਲੇਖਕ ਚੰਡੀਗੜ੍ਹ ਕਾਲਜ ਆਫ ਆਰਕੀਟੈਕਚਰ ਦੇ ਸਾਬਕਾ ਪ੍ਰਿੰਸੀਪਲ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All