ਦੋ ਯੁੱਧਾਂ ਦੀ ਕਹਾਣੀ : The Tribune India

ਦੋ ਯੁੱਧਾਂ ਦੀ ਕਹਾਣੀ

ਦੋ ਯੁੱਧਾਂ ਦੀ ਕਹਾਣੀ

ਰਾਜੇਸ਼ ਰਾਮਚੰਦਰਨ

ਰਾਜੇਸ਼ ਰਾਮਚੰਦਰਨ

ਭਾਰਤੀ ਮਾਨਸਿਕਤਾ ਵਿਚ 1962 ਦਾ ਅੰਕੜਾ ਗਹਿਰਾ ਧਸਿਆ ਹੋਇਆ ਹੈ- ਨਾ ਸਿਰਫ਼ ਇਸ ਕਰ ਕੇ ਕਿ ਇਹ ਜੰਗ ਵਿਚ ਭਾਰੀ ਹਾਰ ਦਾ ਵਰ੍ਹਾ ਸੀ ਸਗੋਂ ਇਹ ਕੌਮੀ ਅਪਮਾਨ ਦਾ ਪ੍ਰਤੀਕ ਵੀ ਸੀ। ਇਸ ਦੇ ਨਾਲ ਹੀ ਅਜਿਹਾ ਕੁਝ ਵੀ ਸੀ ਜੋ ਰਾਸ਼ਟਰ ਨੂੰ ਸਿਆਸੀ ਘਮੰਡ ਅਤੇ ਫ਼ੌਜ ਵਿਚ ਕੁਨਬਾਪਰਵਰੀ ਨਾਲ ਪੈਦਾ ਹੋਣ ਵਾਲੇ ਨੁਕਸਾਨ ਦੀ ਯਾਦ ਦਿਵਾਉਂਦਾ ਹੈ। ਇਸ ਲਿਹਾਜ਼ ਤੋਂ ਭਾਰਤ-ਚੀਨ ਜੰਗ ਦੀ 60ਵੀਂ ਵਰ੍ਹੇਗੰਢ ਭਾਰਤੀ ਸਿਆਸਤਦਾਨਾਂ, ਫ਼ੌਜੀ ਆਗੂਆਂ, ਰਣਨੀਤਕ ਚਿੰਤਕਾਂ ਤੇ ਸਮੀਖਿਅਕਾਂ ਲਈ ਅਤੀਤ ਦੀਆਂ ਗ਼ਲਤੀਆਂ ਦਾ ਲੇਖਾ ਜੋਖਾ ਕਰਨ ਅਤੇ ਇਕ ਹੋਰ ‘ਪਰਬਤ ਜਿੱਡੀ ਭੁੱਲ’ ਤੋਂ ਬਚਣ ਦੀ ਯੋਜਨਾ ਬਣਾਉਣ ਦਾ ਵੱਡਾ ਮੌਕਾ ਹੈ।

‘ਦਿ ਟ੍ਰਿਬਿਊਨ’ ਵਲੋਂ ਜੰਗ ਦੀ 60ਵੀਂ ਵਰ੍ਹੇਗੰਢ ਮੌਕੇ ਲੇਖਾਂ ਦੀ ਲੜੀ ਪ੍ਰਕਾਸ਼ਤ ਕੀਤੀ ਜਾ ਰਹੀ ਹੈ ਤੇ ਕੁਝ ਪਾਠਕਾਂ ਨੂੰ ਇਹ ਜਾਣ ਕੇ ਹੈਰਾਨੀ ਹੋ ਰਹੀ ਹੈ ਕਿ ਹਾਰਨ ਦੇ ਬਾਵਜੂਦ ਭਾਰਤੀ ਫ਼ੌਜੀਆਂ ਨੇ ਜ਼ਬਰਦਸਤ ਦਲੇਰੀ ਦਾ ਮੁਜ਼ਾਹਰਾ ਕੀਤਾ ਸੀ। ਸਾਬਕਾ ਮੁੱਖ ਚੋਣ ਕਮਿਸ਼ਨਰ ਮਨੋਹਰ ਸਿੰਘ ਗਿੱਲ ਉਨ੍ਹਾਂ ਬਹਾਦਰ ਸਿੱਖ ਫ਼ੌਜੀਆਂ ਬਾਰੇ ਪੜ੍ਹ ਕੇ ਬਹੁਤ ਖੁਸ਼ ਹੋਏ ਜੋ ਆਪਣੇ ਆਖਿ਼ਰੀ ਸਾਹ ਅਤੇ ਆਖਿ਼ਰੀ ਗੋਲੀ ਤੱਕ ਲੜਦੇ ਰਹੇ ਪਰ ਮੈਦਾਨ ਨਹੀਂ ਛੱਡਿਆ। ਉਨ੍ਹਾਂ ਫੋਨ ਕਰ ਕੇ ਵਿਅਕਤੀਗਤ ਬਹਾਦਰੀ ਦੀਆਂ ਕਈ ਕਹਾਣੀਆਂ ਸੁਣਾਈਆਂ ਅਤੇ ਆਪਣੇ ਖਾਸ ਅੰਦਾਜ਼ ਵਿਚ ਪੁਰਾਣੇ ਬਸਤੀਵਾਦੀ ਹਥਠੋਕੇ ਪਰਿਵਾਰ ਦੇ ਮੈਂਬਰ ਦੀ ਕਹਾਣੀ ਛਾਪਣ ਲਈ ਵੀ ਕਿਹਾ ਜੋ ਜੰਗ ਦੇ ਮੈਦਾਨ ਵਿਚ ਆਪਣੀ ਪੱਗ ਛੱਡ ਕੇ ਦੌੜ ਗਿਆ ਸੀ। ਖ਼ੈਰ, ਕਾਇਰਾਂ ਨੂੰ ਪਰ੍ਹੇ ਪਏ ਰਹਿਣ ਦਿਓ, ਆਓ ਬਹਾਦਰਾਂ ਨੂੰ ਯਾਦ ਕਰਦੇ ਹਾਂ।

ਜੰਗ ਜਿੱਤਣ ਦੇ ਸਾਜ਼ੋ-ਸਾਮਾਨ ਦੀ ਤਾਂ ਗੱਲ ਛੱਡੋ ਸਗੋਂ ਸਰਦੀਆਂ ਤੋਂ ਬਚਣ ਲਈ ਵਰਦੀਆਂ ਤੋਂ ਬਿਨਾ ਹੀ ਭਾਰਤੀ ਫ਼ੌਜੀ ਦਸਤਿਆਂ ਨੂੰ ਹਿਮਾਲਿਆ ਦੀਆਂ ਯਖ ਚੋਟੀਆਂ ’ਤੇ ਲੜਨ ਲਈ ਭੇਜਣ ਵਿਚ ਆਪੋ-ਆਪਣੀ ਭੂਮਿਕਾ ਬਦਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ, ਰੱਖਿਆ ਮੰਤਰੀ ਵੀਕੇ ਕ੍ਰਿਸ਼ਨਾ ਮੈਨਨ, ਥਲ ਸੈਨਾ ਮੁਖੀ ਪੀਐੱਨ ਥਾਪਰ, ਰੱਖਿਆ ਸਕੱਤਰ ਓ ਪੂਲਾ ਰੈਡੀ, ਇੰਟੈਲੀਜੈਂਸ ਬਿਊਰੋ ਦੇ ਮੁਖੀ ਬੀਐੱਨ ਮਲਿਕ, ਕੋਰ ਕਮਾਂਡਰ ਲੈਫਟੀਨੈਂਟ ਜਨਰਲ ਬੀਐੱਮ ਕੌਲ ਆਦਿ ਨੂੰ ਸਹੀ ਤੌਰ ’ਤੇ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਤੇ ਯਾਦ ਕੀਤਾ ਜਾਂਦਾ ਹੈ। ਇਨ੍ਹਾਂ ਵਿਚੋਂ ਕਿਸੇ ਨੂੰ ਵੀ ਤਿਆਰੀ ਵਿਚ ਘਾਟ ਅਤੇ ਸਿਆਸੀ, ਕੂਟਨੀਤਕ ਤੇ ਫ਼ੌਜੀ ਮੂਰਖਤਾ ਦਿਖਾਉਣ ਬਦਲੇ ਬਰੀ ਨਹੀਂ ਕੀਤਾ ਜਾ ਸਕਦਾ। ਹੁਣ ਡੋਕਲਾਮ ਹੋਵੇ ਜਾਂ ਲੱਦਾਖ-ਉੱਤਰ ਪੂਰਬ ਵਿਚ ਵਾਪਰੀ ਹਰ ਘਟਨਾ ਤੋਂ ਬਾਅਦ ਭਾਰਤੀਆਂ ਨੂੰ 1962 ਵਿਚ ਹੋਈ ਭੁੱਲ ਦਾ ਚੇਤਾ ਕਰਾਇਆ ਜਾਂਦਾ ਹੈ ਤਾਂ ਕਿ ਨੀਤੀ ਘਾੜਿਆਂ ਨੂੰ ਇਹ ਚਾਨਣ ਹੋ ਸਕੇ ਕਿ ਪੂਰਬੀ ਸਰਹੱਦ ’ਤੇ ਅਮਰੀਕਾ ਨਾਲ ਮਿਲ ਕੇ ਭਾਵੇਂ ਕਿੰਨੇ ਮਰਜ਼ੀ ਫ਼ੌਜੀ ਅਭਿਆਸ ਕਰ ਲਏ ਜਾਣ, ਫਿਰ ਵੀ ਗੁਆਂਢੀ ਦੇਸ਼ ਦੀ ਵਿਸ਼ਵ ਆਗੂ ਬਣਨ ਦੀ ਖਾਹਿਸ਼ ਖਿਲਾਫ਼ ਲੜਨ ਲਈ ਇਹ ਨਾਕਾਫ਼ੀ ਹੋਣਗੇ।

ਆਓ ਭਾਰਤੀਆਂ ਵਲੋਂ ਆਪਣੀ ਹਾਰ ਦੀ ਯਾਦਾਸ਼ਤ ਦੀ ਪਾਕਿਸਤਾਨੀਆਂ ਦੀ ਇਸੇ ਕਿਸਮ ਦੀ ਯਾਦਾਸ਼ਤ ਨਾਲ ਤੁਲਨਾ ਕਰ ਕੇ ਦੇਖੀਏ। ਸਾਲ ਕੁ ਪਹਿਲਾਂ 1971 ਦੀ ਜੰਗ ਦੀ ਪੰਜਾਹਵੀਂ ਵਰ੍ਹੇਗੰਢ ਸੀ। ਇਸ ਬਾਬਤ ਸਰਬ ਸ਼ਕਤੀਸ਼ਾਲੀ ਪਾਕਿਸਤਾਨੀ ਫ਼ੌਜੀ ਇੰਟੈਲੀਜੈਂਸ ਨਿਜ਼ਾਮ ਤੋਂ ਬਹੁਤਾ ਕੁਝ ਸੁਣਨ ਨੂੰ ਨਹੀਂ ਮਿਲਿਆ ਜਦਕਿ ਉਹ ਅਫ਼ਗਾਨਿਸਤਾਨ ਦੇ ਹਾਲਾਤ ਨਾਲ ਸਿੱਝਣ ਪ੍ਰਤੀ ਅਮਰੀਕੀਆਂ ’ਤੇ ਨਜ਼ਲਾ ਝਾੜ ਰਹੇ ਸਨ: ਪਿਛਾਂਹ ਮੁੜ ਕੇ ਦੇਖਣ ਦੀ ਕੀ ਲੋੜ ਹੈ ਜੇ ਭਵਿੱਖ ਉੱਜਲਾ ਨਜ਼ਰ ਆ ਰਿਹਾ ਹੋਵੇ ਜਿਸ ਤਹਿਤ 45 ਕਰੋੜ ਡਾਲਰ ਦੀ ਫ਼ੌਜੀ ਇਮਦਾਦ ਮਿਲ ਗਈ ਹੋਵੇ, ਐੱਫਏਟੀਫੀ ਦੀ ਨਿਗਰਾਨੀ ਸੂਚੀ ਵਿਚੋਂ ਨਾਂ ਹਟਾ ਦਿੱਤਾ ਗਿਆ ਹੋਵੇ ਤੇ ਪੈਂਟਾਗਨ ਨਾਲ ਮੁੜ ਗਲਵੱਕੜੀ ਪੈ ਗਈ ਹੋਵੇ; ਫਿਰ ਵੀ ਪਾਕਿਸਤਾਨੀ ਫ਼ੌਜੀ ਲੀਡਰਸ਼ਿਪ ਨੇ ਹਾਲ ਹੀ ਵਿਚ ਅਜਿਹੀ ਅਣਹੋਣੀ ਗੱਲ ਕੀਤੀ ਹੈ ਜਿਸ ਦਾ ਇਕ ਹਿੱਸਾ ਮਜ਼ਾਕੀਆ ਤੇ ਦੂਜਾ ਡਰਾਵਣਾ ਹੈ।

ਫੌਜ ਦੇ ਸਾਬਕਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਆਪਣੀ ਸੇਵਾਮੁਕਤੀ ਤੋਂ ਪਹਿਲਾਂ ਫੌਜੀ ਯੂਨਿਟਾਂ ਦੇ ਦੌਰੇ ਮੌਕੇ 1971 ਦੀ ਜੰਗ ਵਿਚ ਹਾਰ ਲਈ ਸਿਆਸੀ ਲੀਡਰਸ਼ਿਪ ਨੂੰ ਦੋਸ਼ੀ ਕਰਾਰ ਦਿੱਤਾ ਹੈ। ਜੇ ਇੰਨਾ ਕਾਫ਼ੀ ਨਹੀਂ ਸੀ ਤਾਂ ਉਨ੍ਹਾਂ ਇਹ ਵੀ ਦਾਅਵਾ ਕਰ ਦਿੱਤਾ ਕਿ ਭਾਰਤ ਦੀ 2 ਲੱਖ 40 ਦੀ ਫ਼ੌਜ ਅਤੇ ਦੋ ਲੱਖ ਮੁਕਤੀ ਵਾਹਿਨੀ ਲੜਾਕਿਆਂ ਨਾਲ ਲੜਨ ਲਈ ਪਾਕਿਸਤਾਨ ਕੋਲ ਸਿਰਫ਼ 34 ਹਜ਼ਾਰ ਦਸਤੇ ਮੌਜੂਦ ਸਨ। ਇਸ ਤੱਥ ਦੇ ਦਸਤਾਵੇਜ਼ੀ ਸਬੂਤ ਮਿਲਦੇ ਹਨ ਕਿ ਸਿਰਫ਼ 3000 ਭਾਰਤੀ ਫ਼ੌਜੀਆਂ ਨੇ ਢਾਕਾ ਦੀ ਅੰਤਿਮ ਲੜਾਈ ਵਿਚ 30000 ਪਾਕਿਸਤਾਨੀ ਦਸਤਿਆਂ ਨੂੰ ਹਰਾਇਆ ਸੀ। ਬਿਨਾ ਸ਼ੱਕ ਜਨਰਲ ਬਾਜਵਾ ਨੂੰ ਛੱਡ ਕੇ ਹਰ ਕੋਈ ਜਾਣਦਾ ਹੈ ਕਿ 92000 ਪਾਕਿਸਤਾਨੀ ਫੌਜੀ ਅਫ਼ਸਰਾਂ ਤੇ ਜਵਾਨਾਂ ਨੂੰ ਜੰਗੀ ਕੈਦੀ ਬਣਾਇਆ ਗਿਆ ਸੀ ਤੇ ਫਰਾਖਦਿਲੀ ਦਿਖਾਉਂਦੇ ਹੋਏ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ ਹਾਲਾਂਕਿ ਭਾਰਤੀ ਪਾਇਲਟ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਬੰਦ ਸਨ। ਪਾਕਿਸਤਾਨ ਸਰਕਾਰ ਨੇ ਅਪਰੈਲ 1973 ਵਿਚ 90000 ਜੰਗੀ ਕੈਦੀਆਂ ਦੀ ਵਾਪਸੀ ਲਈ ਡਾਕ ਟਿਕਟ ਵੀ ਜਾਰੀ ਕੀਤੀ ਸੀ।

ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਜਨਰਲ ਬਾਜਵਾ ਇਹ ਵੀ ਭੁੱਲ ਗਏ ਕਿ ਪਾਕਿਸਤਾਨ ਵਿਚ ਉਸ ਵੇਲੇ ਯਹੀਆ ਖ਼ਾਨ ਦੀ ਹਕੂਮਤ ਸੀ ਜੋ ਫ਼ੌਜੀ ਜਰਨੈਲ ਸੀ ਤੇ ਆਪਣੇ ਆਪ ਨੂੰ ਦਿੱਲੀ ’ਤੇ ਹਮਲਾ ਕਰ ਕੇ ਲੁੱਟਣ ਵਾਲੇ ਨਾਦਿਰ ਸ਼ਾਹ ਦੇ ਵੰਸ਼ ਨਾਲ ਜੋੜ ਕੇ ਦੇਖਦਾ ਸੀ। ਇਸ ਫ਼ੌਜੀ ਤਾਨਾਸ਼ਾਹ ਦਾ ਵਾਸ਼ਿੰਗਟਨ ਵਿਚ ਸਨਮਾਨ ਕੀਤਾ ਗਿਆ ਸੀ ਕਿਉਂਕਿ ਉਸ ਨੇ ਅਮਰੀਕੀ ਰਾਸ਼ਟਰਪਤੀ ਨਿਕਸਨ ਦੇ ਕੌਮੀ ਸੁਰੱਖਿਆ ਸਲਾਹਕਾਰ ਕਿਸਿੰਜਰ ਦੀ ਚੀਨ ਦੇ ਸਰਬਰਾਹ ਮਾਓ ਨਾਲ ਮੁਲਾਕਾਤ ਕਰਾਉਣ ਲਈ ਸਾਲਸੀ ਕੀਤੀ ਸੀ ਜਿਸ ਸਦਕਾ ਕਰੀਬ 40 ਸਾਲ ਅੱਛੀ ਖਾਸੀ ਅਮਰੀਕਾ-ਚੀਨੀ ਰਣਨੀਤਕ ਭਿਆਲੀ ਚਲਦੀ ਰਹੀ ਸੀ। ਯਹੀਆ ਖ਼ਾਨ ਨੇ ਆਪਣੇ ਜਿੰਨੇ ਹੀ ਖੌਫ਼ਨਾਕ ਜਰਨੈਲ ਟਿੱਕਾ ਖ਼ਾਨ ਨੂੰ ਪੂਰਬੀ ਪਾਕਿਸਤਾਨ ਦਾ ਗਵਰਨਰ ਥਾਪਿਆ ਸੀ ਜਿਸ ਨੂੰ ‘ਬਲੋਚਿਸਤਾਨ ਦੇ ਬੁੱਚੜ’ ਵਜੋਂ ਯਾਦ ਕੀਤਾ ਜਾਂਦਾ ਸੀ ਤੇ ਜਨਰਲ ਏਏਕੇ ਨਿਆਜ਼ੀ ਨੂੰ ਉਸ ਦਾ ਫ਼ੌਜੀ ਕਮਾਂਡਰ ਨਿਯੁਕਤ ਕੀਤਾ ਸੀ। ਦੂਜੀ ਸੰਸਾਰ ਜੰਗ ਤੋਂ ਬਾਅਦ ਹੋਈ ਸਭ ਤੋਂ ਭਿਆਨਕ ਨਸਲਕੁਸ਼ੀ ਲਈ ਇਹ ਤਿੰਨੇ ਜਰਨੈਲ ਕਸੂਰਵਾਰ ਸਨ ਜਿਸ ਬਾਰੇ ਪੱਛਮੀ ਮੀਡੀਆ ਰਿਪੋਰਟ ਕਰਨਾ ਹੀ ਭੁੱਲ ਗਿਆ ਸੀ। ਬੰਗਲਾਦੇਸ਼ ਦਾ ਅਧਿਕਾਰਤ ਅਨੁਮਾਨ ਸੀ ਕਿ ਮੁਕਤੀ ਯੁੱਧ ਦੌਰਾਨ ਕੁੱਲ 30 ਲੱਖ ਮੌਤਾਂ ਹੋਈਆਂ ਸਨ ਜੋ ਯਹੂਦੀਆਂ ਦੇ ਕਤਲੇਆਮ ਦੀ ਸੰਖਿਆ ਦੇ ਅੱਧ ਨੂੰ ਢੁਕ ਜਾਂਦੀਆਂ ਹਨ। ਪਾਕਿਸਤਾਨ ਨੇ ਅਧਿਕਾਰਤ ਰੂਪ ਵਿਚ 26000 ਸਿਵਲੀਅਨਾਂ ਦੇ ਮਾਰੇ ਜਾਣ ਦਾ ਇਕਬਾਲ ਕੀਤਾ ਸੀ।

ਇਨ੍ਹਾਂ 30 ਲੱਖ ਵਿਚ ਲਗਭਗ ਅੱਧੇ ਹਿੰਦੂ ਸਨ ਪਰ ਇੰਦਰਾ ਗਾਂਧੀ (ਜਿਸ ਨੂੰ ਨਿਕਸਨ ਵਲੋਂ ਬਹੁਤ ਭੱਦੇ ਨਾਂ ਨਾਲ ਪੁਕਾਰਿਆ ਜਾਂਦਾ ਸੀ) ਦਾ ਬੇਦੋਸ਼ਿਆਂ ਦੀਆਂ ਲਾਸ਼ਾਂ ਦੀ ਸ਼ਨਾਖ਼ਤ ਦਾ ਕੋਈ ਸਿਆਸੀ ਏਜੰਡਾ ਨਹੀਂ ਸੀ। ਇਕ ਕਰੋੜ ਤੋਂ ਜ਼ਿਆਦਾ ਸ਼ਰਨਾਰਥੀ ਭਾਰਤ ਵਿਚ ਆ ਗਏ ਸਨ ਪਰ ਹੌਲੀਵੁੱਡ ਨੇ ਅਜੇ ਤੱਕ ਬੰਗਾਲੀ ਕਤਲੇਆਮ ਬਾਰੇ ਕੋਈ ਫਿਲਮ ਨਹੀਂ ਬਣਾਈ ਤੇ ਅਮਰੀਕੀ ਲੀਡਰਸ਼ਿਪ ਨੇ ਇਸ ਕਤਲੇਆਮ ਦੌਰਾਨ ਯਹੀਆ ਖ਼ਾਨ ਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਟਿੱਕਾ ਖ਼ਾਨ ਦਾ ਸਨਮਾਨ ਕੀਤਾ ਸੀ। ਯਹੀਆ ਖ਼ਾਨ ਦੀ ਥਾਂ ਟਿੱਕਾ ਖ਼ਾਨ ਫ਼ੌਜ ਦੇ ਮੁਖੀ ਬਣੇ ਸਨ। ਬਿਨਾ ਸ਼ੱਕ, ਅਮਰੀਕਾ ਨੇ ਇਹ ਨਹੀਂ ਸੋਚਿਆ ਕਿ ਬੰਗਲਾਦੇਸ਼ ਦੇ ਬੁੱਚੜ ਨੂੰ ਵੀਜ਼ਾ ਦੇਣਾ ਠੀਕ ਨਹੀਂ ਹੋਵੇਗਾ। ਗੁਜਰਾਤ ਦੇ ਮੁੱਖ ਮੰਤਰੀ ਨੂੰ ਉਸ ਸੂਬੇ ਵਿਚ ਹੋਏ ਫਿਰਕੂ ਦੰਗੇ ਜਿਸ ਦੀ ਜਾਂਚ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਵਲੋਂ ਦਸ ਸਾਲ ਤੱਕ ਚਲਾਈ ਗਈ ਸੀ, ਦੇ ਆਧਾਰ ’ਤੇ ਅਮਰੀਕੀ ਵੀਜ਼ਾ ਦੇਣ ਤੋਂ ਨਾਂਹ ਕਰਨ ਵਾਲਿਆਂ ਦੇ ਦਿਮਾਗ ਵਿਚ ਕਦੇ ਇਹ ਗੱਲ ਨਹੀਂ ਆਈ ਕਿ ਕਿਉਂ ਉਨ੍ਹਾਂ ਦੇ ਪੂਰਬਲੇ ਅਧਿਕਾਰੀਆਂ ਨੂੰ ਜੇ ਤੀਹ ਲੱਖ ਨਾ ਸਹੀ ਤਾਂ ਵੀ ਘੱਟੋ-ਘੱਟ ਲੱਖਾਂ ਲੋਕਾਂ ਦੀ ਮੌਤ ਦਾ ਖਿਆਲ ਕਿਉਂ ਨਹੀਂ ਆਇਆ ਸੀ।

ਤੇਰਾਂ ਦਿਨ ਚੱਲੀ ਇਸ ਜੰਗ ਜਿਸ ਵਿਚ ਭਾਰਤ ਦੀ ਜਿੱਤ ਹੋਈ ਸੀ, ਦੌਰਾਨ ਆਮ ਲੋਕਾਂ ਦੀਆਂ ਮੌਤਾਂ ਨਿਸਬਤਨ ਘੱਟ ਹੋਈਆਂ ਸਨ ਪਰ ਐਮਨੈਸਟੀ ਇੰਟਰਨੈਸ਼ਨਲ ਜਿਹੀਆਂ ਪੱਛਮੀ ਦੇਸ਼ਾਂ ਦੇ ਫੰਡਾਂ ਸਦਕਾ ਚੱਲਣ ਵਾਲੀਆਂ ਸੰਸਥਾਵਾਂ ਜਿਨ੍ਹਾਂ ਨੇ ਅਮਰੀਕਾ ਦੇ ਪੁਰਾਣੇ ਸਹਿਯੋਗੀ ਲਈ ਕੰਮ ਕਰਨ ਵਾਲਿਆਂ ਨੂੰ ਦਿੱਤੀ ਮੌਤ ਦੀ ਸਜ਼ਾ ਤਬਦੀਲ ਕਰਨ ਦੀ ਮੰਗ ਕੀਤੀ ਸੀ, ਨੇ ਅਸਲ ਵਿਚ 1971 ਵਿਚ ਹੋਏ ਜੰਗੀ ਅਪਰਾਧਾਂ ਦੀ ਕਦੇ ਜਾਂਚ ਨਹੀਂ ਕੀਤੀ ਜਾਂ ਯਹੀਆ, ਟਿੱਕਾ ਖ਼ਾਨ ਤੇ ਨਿਆਜ਼ੀ ਦੇ ਹੁਕਮਾਂ ’ਤੇ ਹੱਤਿਆ ਤੇ ਬਲਾਤਕਾਰ ਕਰਨ ਵਾਲਿਆਂ ਦੀ ਕਦੇ ਸ਼ਨਾਖ਼ਤ ਨਹੀਂ ਕੀਤੀ ਸੀ। ਜੇ ਉਨ੍ਹਾਂ ਦੇ ਅਪਰਾਧ ਤੈਅ ਕਰ ਦਿੱਤੇ ਜਾਂਦੇ ਤਾਂ ਉਨ੍ਹਾਂ ਦੇ ਸਿਆਸੀ ਕਰੀਅਰ ਅਤੇ ਉਨ੍ਹਾਂ ਨੂੰ ਦਿੱਤੀਆਂ ਵੀਜ਼ੇ ਦੀਆਂ ਸਹੂਲਤਾਂ ਦਾ ਖੁਲਾਸਾ ਹੋ ਜਾਣਾ ਸੀ ਤਾਂ ਉਨ੍ਹਾਂ ਦੇ ਜਾਨਸ਼ੀਨਾਂ ਨੇ ਕਸ਼ਮੀਰ ਵਿਚ ਇਸਲਾਮੀ ਦੁਸਾਹਸ ਨਹੀਂ ਕਰਨਾ ਸੀ ਜਿਸ ਕਰ ਕੇ ਵਾਦੀ ’ਚੋਂ ਹਿੰਦੂਆਂ ਦਾ ਉਜਾੜਾ ਹੋਇਆ ਸੀ ਤੇ ਨਾ ਹੀ ਕਾਰਗਿਲ ਵਿਚ ਘੁਸਪੈਠ ਜਾਂ ਮੁੰਬਈ ਵਿਚ ਹਮਲਾ ਕਰਨਾ ਸੀ।

ਹਰ ਨਾਕਾਮੀ ਤੋਂ ਬਾਅਦ ਪਾਕਿਸਤਾਨੀ ਫ਼ੌਜ ਨਾ-ਮਾਤਰ ਸਿਆਸੀ ਲੀਡਰਸ਼ਿਪ ਨੂੰ ਕਸੂਰਵਾਰ ਠਹਿਰਾ ਕੇ ਆਪਣੇ ਤੁਰਲੇ ਵਿਚ ਝੂਠ ਦਾ ਖੰਭ ਟੰਗ ਲੈਂਦੀ ਹੈ। 1971 ਵਿਚ ਪਾਕਿਸਤਾਨ ਵਿਚ ਇਕਮਾਤਰ ਫ਼ੌਜੀ ਲੀਡਰਸ਼ਿਪ ਸੀ ਜੋ ਅਮਰੀਕਾ ਨਾਲ ਮਿਲ ਕੇ ਕੰਮ ਕਰਦੀ ਸੀ ਜਿਵੇਂ ਇਸ ਵੇਲੇ ਵੀ ਹੈ। ਹੁਣ ਦੇਖੋ ਉਸ ਨੂੰ ਕਿਹੋ ਜਿਹੀ ਕੋਈ ਨਵੀਂ ਸ਼ਰਾਰਤ ਸੁੱਝਦੀ ਹੈ।
*ਲੇਖਕ ‘ਦਿ ਟ੍ਰਿਬਿਊਨ’ ਦਾ ਐਡੀਟਰ-ਇਨ-ਚੀਫ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁੱਖ ਖ਼ਬਰਾਂ

ਸਿੱਖਜ਼ ਫਾਰ ਜਸਟਿਸ ਵਲੋਂ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੂੰ ਧਮਕੀ

ਸਿੱਖਜ਼ ਫਾਰ ਜਸਟਿਸ ਵਲੋਂ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੂੰ ਧਮਕੀ

12 ਪੱਤਰਕਾਰਾਂ ਨੂੰ ਵੀ ਦਿੱਤੀ ਚਿਤਾਵਨੀ

ਬਿਹਾਰ ਹਿੰਸਾ: ਪੁਲੀਸ ਨੇ ਸੌ ਤੋਂ ਵੱਧ ਜਣੇ ਹਿਰਾਸਤ ਵਿਚ ਲਏ

ਬਿਹਾਰ ਹਿੰਸਾ: ਪੁਲੀਸ ਨੇ ਸੌ ਤੋਂ ਵੱਧ ਜਣੇ ਹਿਰਾਸਤ ਵਿਚ ਲਏ

ਸੀਆਰਪੀਐਫ, ਐਸਐਸਬੀ ਤੇ ਆਈਟੀਬੀਪੀ ਦੀਆਂ 10 ਪੈਰਾਮਿਲਟਰੀ ਕੰਪਨੀਆਂ ਬਿਹਾ...

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਵਿਦੇਸ਼ੀ ਭਾਸ਼ਾ ’ਚ ਸਰਕਾਰੀ ਕੰਮ ਕਰਨ ’ਤੇ ਲੱਗ ਸਕਦਾ ਹੈ 89 ਲੱਖ ਦਾ ਜੁ...

ਸ਼ਹਿਰ

View All