ਹਰਜੀਤ ਸਿੰਘ
ਜ਼ੀਰਕਪੁਰ, 27 ਫਰਵਰੀ
ਪੁਲੀਸ ਵੱਲੋਂ ਠੱਗੀ ਦੇ ਦੋਸ਼ ਹੇਠ ਵੱਖ-ਵੱਖ ਮਾਮਲਿਆਂ ਵਿੱਚ ਪੰਜ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਮਾਮਲਿਆਂ ਵਿੱਚ ਲੋਕਾਂ ਨਾਲ ਕਰੋੜਾਂ ਦੀ ਠੱਗੀ ਕਰ ਕੇ ਫ਼ਰਾਰ ਹੋਏ ਜੀਬੀਪੀ ਸਮੂਹ ਦੇ ਚਾਰ ਮਾਲਕ ਵੀ ਸ਼ਾਮਲ ਹਨ। ਇਹ ਮਾਮਲੇ ਐੱਸਐੱਸਪੀ ਮੁਹਾਲੀ ਨੂੰ ਦਿੱਤੀਆਂ ਸ਼ਿਕਾਇਤਾਂ ਦੀ ਪੜਤਾਲ ਤੋਂ ਬਾਅਦ ਦਰਜ ਕੀਤੇ ਗਏ ਹਨ।
ਪਹਿਲੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਸਹਾਇਕ ਇੰਸਪੈਕਟਰ ਅਜੀਤ ਸਿੰਘ ਨੇ ਦੱਸਿਆ ਕਿ ਰਵਿੰਦਰ ਸਿੰਘ ਵਾਸੀ ਪਿੰਡ ਸਿਓਂਕ ਨੇ ਦਿੱਤੀ ਦਰਖਾਸਤ ਵਿੱਚ ਦੱਸਿਆ ਕਿ ਉਸਨੇ ਜੀਬੀਪੀ ਸਮੂਹ ਦੇ ਸੈਂਟਰਮ ਪ੍ਰਾਜੈਕਟ ਵਿੱਚ ਨਿਵੇਸ਼ ਕੀਤਾ ਸੀ। ਸਮਝੌਤੇ ਮੁਤਾਬਕ ਜਦੋਂ ਤੱਕ ਪ੍ਰਾਜੈਕਟ ਤਿਆਰ ਨਹੀਂ ਹੁੰਦਾ, ਉਦੋਂ ਤੱਕ ਕੰਪਨੀ ਨੂੰ 3 ਸਾਲ ਲਈ ਹਰ ਮਹੀਨੇ ਵਿਆਜ਼ ਦੇਣ ਦਾ ਵਾਅਦਾ ਕਰਦੇ ਹੋਏ ਬਣਦੀ ਰਕਮ ਦੇ ਚੈੱਕ ਦੇ ਦਿੱਤੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜੀਬੀਪੀ ਸਮੂਹ ਦੇ ਪ੍ਰਦੀਪ ਗੁਪਤਾ, ਸਤੀਸ਼ ਗੁਪਤਾ, ਰਮਨ ਗੁਪਤਾ ਅਤੇ ਅਨੂਪਮ ਗੁਪਤਾ ਨੇ ਹੁਣ ਤੱਕ ਪ੍ਰਾਜੈਕਟ ਵੀ ਤਿਆਰ ਨਹੀਂ ਕੀਤਾ ਅਤੇ ਨਾ ਹੀ ਉਸਦੀ ਬਣਦੀ ਰਕਮ ਵਾਪਸ ਕੀਤੀ। ਇੰਜ ਉਕਤਾਨ ਨੇ ਰਲ ਕੇ ਪ੍ਰਾਪਰਟੀ ਦੇਣ ਦਾ ਝਾਂਸਾ ਦੇ ਕੇ ਉਸ ਅਤੇ ਉਸਦੇ ਪਰਿਵਾਰ ਨਾਲ 1 ਕਰੋੜ 30 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਉਕਤ ਦਰਖਾਸਤ ਦੀ ਪੜਤਾਲ ਐੱਸਪੀ (ਦਿਹਾਤੀ) ਵੱਲੋਂ ਕੀਤੀ ਗਈ ਤੇ ਇਸ ਤੋਂ ਬਾਅਦ ਐਸਐਸਪੀ ਮੁਹਾਲੀ ਦੇ ਹੁਕਮਾਂ ’ਤੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਦੂਜੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਏਐੱਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਅਰੁਨ ਸ਼ਰਮਾ ਵਾਸੀ ਏਅਰਫੋਰਸ ਸਟੇਸ਼ਨ ਊਧਮਪੁਰ ਹਾਲ ਵਾਸੀ ਜੰਮੂ ਨੇ ਪੁਲੀਸ ਨੂੰ ਕੀਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਨੇ ਵਿਜੈ ਚੋਧਰੀ ਵਾਸੀ ਮੌਲੀ ਜਾਗਰਾਂ ਚੰਡੀਗੜ੍ਹ ਨਾਲ ਨਵਾਂ ਗਰਾਓਂ ਵਿੱਚ ਇੱਕ 2 ਮਰਲੇ ਦੇ ਪਲਾਟ ਦਾ ਸੌਦਾ 30 ਲੱਖ ਰੁਪਏ ਵਿੱਚ ਤੈਅ ਕੀਤਾ ਸੀ। ਉਸਨੇ 2 ਲੱਖ ਰੁਪਏ ਬਤੌਰ ਪੇਸ਼ਗੀ ਅਤੇ 8 ਲੱਖ ਰੁਪਏ ਬਿਆਨਾ ਕੀਤਾ ਸੀ। ਪਰ ਕਰੋਨਾ ਮਹਾਮਾਰੀ ਦੌਰਾਨ ਰਜਿਸਟਰੀਆਂ ਦਾ ਕੰਮ ਬੰਦ ਹੋ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਹੁਣ ਰਜਿਸਟਰੀਆਂ ਖੁੱਲ੍ਹ ਜਾਣ ਦੇ ਬਾਵਜੂਦ ਉਕਤ ਮੁਲਜ਼ਮ ਨੇ ਪਲਾਟ ਦੀ ਰਜਿਸਟਰੀ ਨਹੀਂ ਕਰਵਾਈ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਤੇ 10 ਲੱਖ ਰੁਪਏ ਦੀ ਠੱਗੀ ਮਾਰੀ। ਮਾਮਲੇ ਦੀ ਪੜਤਾਲ ਪੜਤਾਲ ਮਗਰੋਂ ਉਕਤ ਵਿਅਕਤੀ ਖ਼ਿਲਾਫ਼ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।